2022-11-24 19:21:28 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ 24 ਨਵੰਬਰ (ਭੁਪਿੰਦਰ ਗਿੱਲ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਲੇਰਕੋਟਲਾ ਦੀ ਟੀਮ ਵੱਲੋਂ ਹਾੜ੍ਹੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਬਲਾਕ ਮਾਲੇਰਕੋਟਲਾ ਅਧੀਨ ਆਉਂਦੀਆਂ ਖਾਂਦਾ ਦੀਆ ਦੁਕਾਨਾਂ ਤੋਂ ਵੱਖ ਵੱਖ ਕੰਪਨੀਆਂ ਦੀਆ ਵਿਕ ਰਹੀਆਂ ਖਾਂਦਾ ਦੇ ਨਮੂਨੇ ਲਏ ਗਏ ਤਾਂ ਜੋ ਬਾਜ਼ਾਰ 'ਚੋਂ ਨਕਲੀ ਅਤੇ ਗੈਰ ਮਿਆਰੀ ਖਾਂਦਾ ਦੀ ਵਿਕਰੀ ਨੂੰ ਰੋਕਿਆ ਜਾਵੇ। ਖਾਦ ਇੰਸਪੈਕਟਰ ਕਮ ਖੇਤੀਬਾੜੀ ਵਿਕਾਸ ਅਫ਼ਸਰ, ਮਾਲੇਰਕੋਟਲਾ ਨਵਦੀਪ ਕੁਮਾਰ ਅਤੇ ਉਨ੍ਹਾਂ ਦੀ ਟੀਮ ਵਲੋਂ ਮਾਲੇਰਕੋਟਲਾ ਦੀਆਂ ਵੱਖ-ਵੱਖ ਦੁਕਾਨਾਂ ਵਿੱਚ ਉਪਲਬਧ ਖਾਂਦਾ ਦੀ ਜਾਂਚ ਕੀਤੀ ਅਤੇ ਨਮੂਨੇ ਵੀ ਭਰੇ ।
ਖੇਤੀਬਾੜੀ ਵਿਕਾਸ ਅਫ਼ਸਰ ਮਾਲੇਰਕੋਟਲਾ ਨੇ ਦੱਸਿਆ ਕਿ ਵੱਖ ਵੱਖ ਦੁਕਾਨਾਂ ਤੋਂ ਇਕੱਠੇ ਕੀਤੇ ਗਏ ਸੈਂਪਲ ਟੈੱਸਟ ਕਰਨ ਲਈ ਗੁਪਤ ਰੂਪ 'ਚ ਲੈਬਾਰਟਰੀ ਨੂੰ ਭੇਜ ਦਿੱਤੇ ਜਾਣਗੇ, ਜੇਕਰ ਲੈਬ ਰਿਪੋਰਟ ਵਿਚ ਨਮੂਨਾ ਗੈਰ ਮਿਆਰੀ ਪਾਇਆ ਗਿਆ ਤਾਂ ਸਬੰਧਤ ਖਾਦ ਡੀਲਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਕੁਆਲਿਟੀ ਕੰਟਰੋਲ ਤਹਿਤ ਭਰੇ ਜਾ ਰਹੇ ਸੈਂਪਲਾਂ ਦਾ ਮੁੱਖ ਮਕਸਦ ਕਿਸਾਨਾਂ ਨੂੰ ਵਧੀਆ ਮਿਆਰੀ ਖਾਂਦਾ ਮੁਹੱਈਆ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਨਕਲੀ ਖਾਂਦਾ ਨਾਲ ਜਿੱਥੇ ਕਿਸਾਨਾਂ ਦਾ ਵਿੱਤੀ ਨੁਕਸਾਨ ਹੁੰਦਾ ਹੈ, ਉੱਥੇ ਹੀ ਇਹ ਗ਼ੈਰ ਮਿਆਰੀ ਵਸਤਾਂ ਜ਼ਮੀਨ ਦੀ ਸਿਹਤ ਦੇ ਨਾਲ-ਨਾਲ ਵਾਤਾਵਰਣ 'ਤੇ ਵੀ ਬਹੁਤ ਮਾੜਾ ਪ੍ਰਭਾਵ ਪਾਉਂਦੀਆਂ ਹਨ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਸ੍ਰੀਮਤੀ ਕੁਲਦੀਪ ਕੌਰ , ਸਹਾਇਕ ਖੇਤੀਬਾੜੀ ਮੈਨੇਜਰ ਸ੍ਰੀ ਦਲਜੀਤ ਸਿੰਘ, ਸ੍ਰੀ ਲਖਵੀਰ ਚੰਦ ਵੀ ਮੌਜੂਦ ਸਨ।