2022-11-28 19:46:15 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ 27 ਨਵੰਬਰ (ਭੁਪਿੰਦਰ ਗਿੱਲ) ਪੰਜਾਬ ਵਕਫ ਬੋਰਡ ਦੇ ਪ੍ਰਬੰਧ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਕਾਲਜ ਮਾਲੇਰਕੋਟਲਾ 'ਚ 62 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੀਬੀ ਆਮਨਾ ਬਲਾਕ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ 'ਚ ਪੰਜਾਬ ਵਕਫ ਬੋਰਡ ਦੇ ਨਵੇਂ ਐਡਮਨਿਸਟ੍ਰੇਟਰ ਸ਼੍ਰੀ ਫਿਆਜ ਫਾਰੂਕੀ (ਆਈ.ਪੀ.ਐਸ) ਏ.ਡੀ.ਜੀ.ਪੀ ਪੰਜਾਬ ਵਕਫ ਬੋਰਡ ਦੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪਧਾਰੇ। ਸਮਾਰੋਹ ਦੀ ਪ੍ਰਧਾਨਗੀ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਨੇ ਕੀਤੀ, ਜਦੋਂ ਕਿ ਐਸ.ਐਸ.ਪੀ ਮਾਲੇਰਕੋਟਲਾ ਮੈਡਮ ਅਵਨੀਤ ਕੌਰ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮਹਿਮਾਨਾਂ ਨੂੰ ਵਕਫ ਬੋਰਡ ਦੇ ਸੀ.ਈ.ਓ ਅਬਦੁਲ ਲਤੀਫ ਥਿੰਦ (ਪੀ.ਸੀ.ਐਸ) ਨੇ ਜੀ ਆਇਆ ਕਹਿੰਦੇ ਹੋਏ ਸ਼੍ਰੀ ਫਿਆਜ਼ ਫਾਰੂਕੀ ਦੀ ਪ੍ਰਬੰਧਕੀ ਯੋਗਤਾ ਦਾ ਵਿਸ਼ੇਸ਼ ਤੌਰ ਤੇ ਵਰਣਨ ਕੀਤਾ ਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਯੋਗ ਅਗਵਾਈ 'ਚ ਪੰਜਾਬ ਵਕਫ ਬੋਰਡ ਨਵੀਆਂ ਬੁਲੰਦੀਆਂ ਛੂਹੇਗਾ।
ਸ਼੍ਰੀ ਫਿਆਜ ਫਾਰੂਕੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆ ਹੀ ਅਜਿਹਾ ਗਹਿਣਾ ਹੈ, ਜੋ ਮਨੁੱਖ ਨੂੰ ਬੁਲੰਦੀਆਂ ਤੱਕ ਲੈ ਜਾਂਦਾ ਹੈ। ਸਿੱਖਿਆ ਤੋਂ ਦੂਰ ਰਹਿਣ ਵਾਲੀਆਂ ਕੌਮਾਂ ਤਰੱਕੀ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਕਫ ਬੋਰਡ ਪਹਿਲ ਦੇ ਅਧਾਰ ਤੇ ਸਿੱਖਿਆ ਦਾ ਪਸਾਰ ਕਰੇਗਾ ਅਤੇ ਪੰਜਾਬ ਵਕਫ ਬੋਰਡ ਦੇ ਪ੍ਰਬੰਧ ਅਧੀਨ ਚੱਲਣ ਵਾਲੇ ਵਿੱਦਿਅਕ ਅਦਾਰਿਆਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣਗੇ ਅਤੇ ਅਧਿਆਪਕਾਂ ਨੂੰ ਵੀ ਵਧੀਆ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਡਾ.ਜਮੀਲ ਉਰ ਰਹਿਮਾਨ ਵੀ ਅਧਿਆਪਕਾਂ ਦੀ ਤਰੱਕੀ ਅਤੇ ਉਨ੍ਹਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਤੋਂ ਅਜ਼ਾਦ ਦੇਖਣਾ ਚਾਹੁੰਦੇ ਹਨ, ਇਸ ਲਈ ਅੱਜ ਵਕਫ ਬੋਰਡ ਨੇ ਫੋਰੀ ਤੌਰ ਤੇ ਪੰਜ ਹਜ਼ਾਰ ਰੁਪਏ ਮਹੀਨਾਂ ਅਧਿਆਪਕਾਂ ਦੀ ਤਨਖਾਹ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਬੋਰਡ ਦੇ ਮੁਲਾਜ਼ਮਾਂ ਨੂੰ ਪੰਜ ਹਜ਼ਾਰ ਰੁਪਏ ਸਰਦੀ ਦਾ ਅਲਾਊਂਸ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਇੱਕ ਇੰਸ਼ੋਰੈਂਸ ਪਾਲਿਸੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਜਿੰਦਗੀ 'ਚ ਜਿੰਮੇਵਾਰੀਆਂ ਅਤੇ ਅਧਿਕਾਰਾਂ ਦਾ ਅਹਿਮ ਸਥਾਨ ਹੈ ਜਿਸਨੂੰ ਗੰਭੀਰਤਾ ਦੇ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਕਫ ਬੋਰਡ ਦੇ ਅਦਾਰਿਆਂ 'ਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੀ ਫਾਰੂਕੀ ਨੇ ਕਿਹਾ ਕਿ ਵਕਫ ਬੋਰਡ ਦੀਆਂ ਪ੍ਰਾਪਟੀਆਂ ਤੇ ਨਜਾਇਜ ਕਬਜ਼ੇ ਹਟਾਕੇ ਬੋਰਡ ਦੀ ਆਮਦਨ 'ਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਕਫ ਬੋਰਡ ਵੱਲੋਂ ਚਲਾਏ ਜਾ ਰਹੇ ਸਾਰੇ ਵਿਦਿਅਕ ਅਦਾਰਿਆਂ ਦੇ ਨਾਲ-ਨਾਲ ਹਜ਼ਰਤ ਹਲੀਮਾ ਹਸਪਤਾਲ ਦੇ ਵਿਕਾਸ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਵਿੱਦਿਆ ਪ੍ਰਾਪਤੀ ਕਰਨ ਨਾਲ ਸਾਡੇ ਚਰਿੱਤਰ ਨੂੰ ਸੰਵਾਰਨ 'ਚ ਕਾਫੀ ਮਦਦ ਮਿਲਦੀ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਪੰਜਾਬ ਵਕਫ ਬੋਰਡ ਅਧੀਨ ਚੱਲਣ ਵਾਲੇ ਸਾਰੇ ਵਿੱਦਿਅਕ ਅਦਾਰੇ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਕਫ ਬੋਰਡ ਦੇ ਨਵੇਂ ਐਡਮਨਿਸਟ੍ਰੇਟਰ ਸ਼੍ਰੀ ਫਿਆਜ ਫਾਰੂਕੀ ਵੀ ਇਸ ਉਦੇਸ਼ ਦੀ ਪ੍ਰਾਪਤੀ ਲਈ ਸੰਜੀਦਾ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਫਿਆਜ ਫਾਰੂਕੀ ਪੂਰੇ ਪੰਜਾਬ 'ਚ ਇੱਕ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਸੇਵਕ ਹਨ ਅਤੇ ਅਪਣੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ ਹੈ। ਇਲਾਕਿਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਦੇ ਸੰਬੰਧ 'ਚ ਇਲਾਕੇ ਦਾ ਹਰ ਵਿਅਕਤੀ ਬਿਨਾਂ ਝਿਜਕ ਕਿਸੇ ਵੀ ਸਮੇਂ ਅਪਣੀ ਸਮੱਸਿਆ ਨੂੰ ਲੈ ਕੇ ਮੈਨੂੰ ਮਿਲ ਸਕਦਾ ਹੈ। ਸ਼੍ਰੀ ਰਹਿਮਾਨ ਨੇ ਕਿਹਾ ਕਿ ਬੀਤੇ ਦਿਨੀਂ ਜੋ ਧਰਨਾ ਲਗਾਇਆ ਗਿਆ ਉਹ ਵਿਰੋਧੀਆਂ ਵੱਲੋਂ ਲਗਾਇਆ ਗਿਆ ਹੈ ਜਦੋਂਕਿ ਇਸ ਰੋਡ ਲਈ ਪਹਿਲਾਂ ਹੀ ਟੈਂਡਰ ਜਾਰੀ ਹੋ ਚੁੱਕਿਆ ਹੈ, ਜਿਸਦੀ ਪ੍ਰਕਿਰਿਆ ਵਿੱਚ ਕੁੱਝ ਸਮਾਂ ਲੱਗਦਾ ਹੈ। ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪ੍ਰੀਖਿਆਵਾਂ ਵਿਚੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਬੀ.ਏ ਅਤੇ ਬੀ.ਸੀ.ਏ ਦੀਆਂ ਵਿਦਿਆਰਥਣਾਂ ਅਤੇ ਕਾਲਜ ਵਿਖੇ ਹੋਣ ਵਾਲੇ ਇੰਟਰ ਵਕਫ ਬੋਰਡ ਸਕੂਲਾਂ ਦੇ ਕੁਇਜ਼ ਮੁਕਾਬਲਿਆਂ ਦੇ ਜੈਤੂਆਂ ਨੂੰ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ 'ਚ ਕਾਲਜ ਦੀ ਪ੍ਰਿੰਸੀਪਲ ਮੈਡਮ ਰਾਹਿਲਾ ਖਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸ਼ਾਨਦਾਰ ਸਮਾਰੋਹ ਦੀ ਕਾਰਵਾਈ ਮਾਸਟਰ ਮੁਹੰਮਦ ਨਜ਼ੀਰ ਰਾਵਤ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ, ਮੈਡਮ ਫਰਯਾਲ ਰਹਿਮਾਨ, ਪੰਜਾਬ ਉਰਦੂ ਅਕਾਦਮੀ ਦੇ ਸਾਬਕਾ ਸਕੱਤਰ ਡਾ.ਮਨਜ਼ੂਰ ਹਸਨ, ਉਰਦੂ ਰਾਬਤਾ ਕਮੇਟੀ ਪੰਜਾਬ ਦੇ ਚੇਅਰਮੈਨ ਜ਼ਹੂਰ ਅਹਿਮਦ ਜ਼ਹੂਰ, ਪੀ.ਏ ਚੋਧਰੀ ਸ਼ਮਸ਼ੂਦੀਨ, ਅਬਦੁਲ ਹਲੀਮ ਐਮ.ਡੀ ਮਿਲਕੋਵੈਲ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਵਕਫ ਬੋਰਡ ਰਿਟਾਇਰਡ ਤੇ ਮੌਜੂਦਾ ਅਧਿਕਾਰੀ ਵੀ ਮੌਜੂਦ ਸਨ।