2022-09-16 17:53:22 ( ਖ਼ਬਰ ਵਾਲੇ ਬਿਊਰੋ )
ਲੁਧਿਆਣ, ਸਤੰਬਰ 16:ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ ਬਾਬਾ ਗੁਰਮੁਖ ਸਿੰਘ ਹਾਲ ਚ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾਃ ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ। ਇਸ ਮੌਕੇ ਡਾਃ ਇਕਬਾਲ ਕੌਰ ਸੌਂਧ, ਡਾਃ ਵਨੀਤਾ ਨੂੰ ਪ੍ਰੋਃ ਨਿਰਪਜੀਤ ਕੌਰ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬੋਲਦਿਆਂ ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤ,ਖੇਤੀਬਾੜੀ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿੱਛੜੀ ਰੂਹ ਨੂੰ ਯਾਦ ਰੱਖਣ ਲਈ ਇਹ ਪੁਰਸਕਾਰ ਪੰਜਾਬੀਆਂ ਲਈ ਰਾਹ ਦਿਸੇਰਾ ਬਣਨਗੇ ਕਿਉਂਕਿ ਪਦਾਰਥਵਾਦੀ ਸੋਚ ਨੇ ਸਾਡੇ ਪਰਿਵਾਰਕ ਤਾਣੇ ਬਾਣੇ ਵਿੱਚ ਵੀ ਤਰੇੜਾਂ ਪਾ ਦਿੱਤੀਆਂ ਹਨ। ਉਨ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਨੂੰ ਇਹ ਸਮਾਗਮ ਹਰ ਸਾਲ ਕਰਵਾਉਣ ਲਈ ਮੁਬਾਰਕ ਦਿੱਤੀ ਤੇ ਨਾਲ ਹੀ ਗੁਰਭਜਨ ਸਿੰਘ ਗਿੱਲ ਪਰਿਵਾਰ ਨੂੰ ਇਹ ਪੁਰਸਕਾਰ ਸਥਾਪਤ ਕਰਨ ਲਈ ਸਮੂਹ ਪੰਜਾਬੀਆਂ ਲਈ ਚੰਗਾ ਸੁਨੇਹਾ ਕਹਿ ਕੇ ਵਡਿਆਇਆ। ਉਨ੍ਹਾਂ ਕਿਹਾ ਕਿ ਪ੍ਰੋਃ ਨਿਰਪਜੀਤ ਕੌਰ ਸਾਡੀ ਵੱਡੀ ਭੈਣ ਸੀ ਜਿਸਨੇ ਕਾਲਿਜ ਸਿੱਖਿਆ , ਸੱਭਿਆਚਾਰ ਤੇ ਸਮਾਜਿਕ ਤਾਣਾ ਪੇਟਾ ਮਜਬੂਤ ਕਰਨ ਵਿੱਚ ਵੱਡਾ ਹਿੱਸਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੂੰ ਇਸ ਤਰ੍ਹਾਂ ਦੇ ਚੰਗੇ ਕਾਰਜ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਰੁਪਏ ਦੀ ਗਰਾਂਟ ਭੇਜਣਗੇ ਅਤੇ ਪ੍ਰੋਃ ਨਿਰਪਜੀਤ ਕੌਰ ਗਿੱਲ ਦੇ ਸਹੁਰੇ ਪਿੰਡ ਬਸੰਤਕੋਟ(ਗੁਰਦਾਸਪੁਰ) ਨੂੰ ਸਮਾਰਟ ਪਿੰਡ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਦੀ ਯਾਦ ਵਿੱਚ ਇਸੇ ਪਿੰਡ ਅੰਦਰ ਲਾਇਬਰੇਰੀ ਵੀ ਉਸਾਰੀ ਜਾਵੇਗੀ ਜਿਸ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।
ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ. ਪ. ਸਿੰਘ ਨੇ ਕਰਦਿਆਂ ਕਿਹਾ ਕਿ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਦੋ ਹਸਤੀਆਂ ਮੇਰੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਹਿਕਰਨੀ ਸਨ ਜਦ ਕਿ ਡਾਃ ਵਨੀਤਾ ਦੀ ਸਾਹਿੱਤਕ ਜਾਣ ਪਛਾਣ ਕਰਵਾਉਣ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੱਡਾ ਹੱਥ ਹੈ।
ਪ੍ਰਤਾਪ ਵਿਦਿਅਕ ਅਦਾਰਿਆਂ ਦੀ ਡਾਇਕੈਕਟਰ ਡਾਃ ਰਮੇਸ਼ ਇੰਦਰ ਕੌਰ ਬੱਲ ਤੇ ਰਾਮਗੜੀਆ ਸੰਸਥਾਵਾਂ ਦੇ ਨੁਖੀ ਸਃ ਰਣਜੋਧ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਸੁਆਗਤੀ ਭਾਸ਼ਨ ਦਿੰਦਿਆਂ ਦੱਸਿਆ ਕਿ ਇਹ ਪੁਰਸਕਾਰ ਸਾਲ 2014 ਵਿੱਚ ਸੁਰਗਵਾਸੀ ਪ੍ਰੋਃ ਨਿਰਪਜੀਤ ਕੌਰ ਗਿੱਲ ਦੀ ਯਾਦ ਵਿੱਚ ਉਨ੍ਹਾਂ ਦੇ ਪਤੀ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਪਰਿਵਾਰ ਵੱਲੋਂ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਤਿੰਨ ਪ੍ਰਬੁੱਧ ਅਧਿਆਪਕਾਂ ਦਾ ਸਨਮਾਨ ਸਾਡਾ ਸੁਭਾਗ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਤੇ ਡਾਃ ਜਸਪਾਲ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਪੁਰਸਕਾਰ ਵਿੱਚ ਹਰ ਸ਼ਖ਼ਸੀਅਤ ਨੂੰ ਇੱਕੀ ਇੱਕੀ ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਤੇ ਫੁਲਕਾਰੀ ਭੇਂਟ ਕੀਤੀ ਗਈ।
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੇਵਾ ਮੁਕਤ ਪ੍ਰੋਫੈਸਰ ਡਾਃ ਇਕਬਾਲ ਕੌਰ ਸੌਂਧ ਲੋਕ ਧਾਰਾ ਮਾਹਿਰ, ਆਲੋਚਕ ਅਤੇ ਕਵਿੱਤਰੀ ਹਨ ਜਿੰਨ੍ਹਾਂ ਨੇ ਗੁਰੂ ਨਾਨਕ ਬਾਣੀ ਵਿੱਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਪ੍ਰਸਥਿਤੀਆਂ ਦੀ ਸਮੀਖਿਆ ਵਿਸ਼ੇ ਤੇ ਪੀ. ਐੱਚ .ਡੀ .ਕੀਤੀ।
ਦੂਜੀ ਸ਼ਖ਼ਸੀਅਤ ਨਵੀਂ ਦਿੱਲੀ ਤੋਂ ਸਿਰਕੱਢ ਕਵਿੱਤਰੀ ਅਤੇ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਡਾਃ ਵਨੀਤਾ ਹਨ ਜਿੰਨ੍ਹਾਂ ਦੀ ਪੁਸਤਕ ਕਾਲ ਪਹਿਰ ਤੇ ਘੜੀਆਂ ਨੂੰ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲ ਚੁਕਾ ਹੈ।
ਸੰਗੀਤ ਅਤੇ ਪੰਜਾਬੀ ਵਿੱਚ ਐੱਮ ਏ ਕਰਕੇ ਆਪ ਨੇ ਦਿੱਲੀ ਯੂਨੀਵਰਸਿਟੀ ਤੋਂ ਉੱਤਰ ਆਧੁਨਿਕਤਾ ਨਾਲ ਸਬੰਧਿਤ ਵਿਸ਼ੇ ਤੇ ਪੀ. ਐੱਚ. ਡੀ. ਕਰਕੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਵਿੱਚ ਪੜ੍ਹਾਉਣਾ ਆਰੰਭਿਆ। ਕਵਿਤਾ, ਵਾਰਤਕ, ਆਲੋਚਨਾ, ਅਨੁਵਾਦ ਆਦਿ ਖੇਤਰ ਵਿੱਚ ਆਪਨੇ 56 ਕਿਤਾਬਾਂ ਦੀ ਰਚਨਾ ਕੀਤੀ ਹੈ।
ਤੀਸਰੀ ਹਸਤੀ ਡਾਃ ਬਲਜੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਤਰੀ ਕੇਂਦਰ ਜਲੰਧਰ ਦੀ ਰੀਟਾਇਰਡ ਪ੍ਰੋ:ਤੇ ਮੁਖੀ ਪੰਜਾਬੀ ਵਿਭਾਗ ਹਨ ਜਿੰਨ੍ਹਾਂ ਨੇ ਪੰਜਾਬੀ ਕਾਵਿ ਆਲੋਚਨਾ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ। ਸੁਲਤਾਨਪੁਰ ਲੋਧੀ ਦੀ ਜੰਮਪਲ ਇਸ ਵਿਦਵਾਨ ਨੇ ਪਹਿਲਾਂ ਪੰਜ ਸਾਲ ਡਿਗਰੀ ਕਾਲਜ ਵਿੱਚ ਤੇ ਮਗਰੋਂ 34 ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੜ੍ਹਾਇਆ ਹੈ।
ਕਾਲਜ ਪ੍ਰਿੰ: ਡਾਃ ਰਾਜੇਸ਼ਵਰਪਾਲ ਕੌਰ ਨੇ ਦੱਸਿਆ ਕਿ 1983 ਤੋਂ 1993 ਤੀਕ ਜਿਸ ਸ਼ਿੱਦਤ ਨਾਲ ਸੁਰਗਵਾਸੀ ਪ੍ਰੋਃ ਨਿਰਪਜੀਤ ਕੌਰ ਗਿੱਲ ਨੇ ਇਸ ਸੰਸਥਾ ਨੂੰ ਗਿਆਨੀ ਭਗਤ ਸਿੰਘ ਜੀ ਦੀ ਛਤਰ ਛਾਇਆ ਤੇ ਸ੍ਵ. ਪ੍ਰਿੰਸੀਪਲ ਹਰਮੀਤ ਕੌਰ ਜੀ ਦੀ ਅਗਵਾਈ ਹੇਠ ਕੌਮੀ ਪਛਾਣ ਦਿਵਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ, ਉਸ ਨੂੰ ਭੁਲਾਉਣਾ ਆਸਾਨ ਨਹੀਂ। ਸਾਨੂੰ ਮਾਣ ਹੈ ਕਿ ਉਨ੍ਹਾਂ ਦੀ ਯਾਦ ਵਿੱਚ ਇਹ ਸਮਾਗਮ ਉਨ੍ਹਾਂ ਦੇ ਹੀ ਕਰਮਭੂਮੀ ਵਾਲੇ ਕਾਲਜ ਚ ਹੋ ਰਿਹਾ ਹੈ। ਪ੍ਰੋਗਰਾਮ ਵਿੱਚ ਸ਼੍ਰੀ ਮਤੀ ਸੁਰਭੀ ਮਲਿਕ ਡੀ ਸੀ ਲੁਧਿਆਣਾ, ਏ ਡੀ ਸੀ ਵਿਕਾਸ ਅਮਿਤ ਕੁਮਾਰ ਪੰਚਾਲ ਆਈ ਏ ਐੱਸ , ਐੱਮ. ਐੱਲ.ਏ. ਹਰਦੀਪ ਸਿੰਘ ਮੁੰਡੀਆਂ, ਕੁਲਵੰਤ ਸਿੰਘ ਸਿੱਧੂ, ਸਰਬਜੀਤ ਕੌਰ ਮਾਣੂੰਕੇ, ਡਾਃ ਤੇਜਿੰਦਰ ਹਰਜੀਤ ਸਿੰਘ, ਡਾਃ ਰਘਬੀਰ ਕੌਰ ਜਲੰਧਰ,ਜਸਮੇਰ ਸਿੰਘ ਢੱਟ ਚੇਅਰਮੈਨ ਸਭਿਆਚਾਰਕ ਸੱਥ,ਮਾਰਕਫੈੱਡ ਦੇ ਰੀਟਾਇਰਡ ਏ ਐੱਮ ਡੀ ਬਾਲ ਮੁਕੰਦ ਸ਼ਰਮਾ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡਿਪਟੀ ਸੈਕਟਰੀ ਡਾਃ ਕੰਚਨ ਸ਼ਰਮਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਰੇਡੀਓ ਰੈੱਡ ਐੱਫ ਐੱਮ ਕੈਲਗਰੀ ਦੇ ਸੰਚਾਲਕ ਰਿਸ਼ੀ ਨਾਗਰ, ਪੰਜਾਬੀ ਲੇਖਕ ਡਾਃ ਗੁਰਦੀਪ ਕੌਰ ਦਿੱਲੀ ਯੂਨੀਵਰਸਿਟੀ, ਗੁਰਚਰਨ ਕੌਰ ਕੋਚਰ, ਪਰਮਜੀਤ ਕੌਰ ਮਹਿਕ, ਹਰਵਿੰਦਰ ਚੰਡੀਗੜ੍ਹ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਅਮਨਦੀਪ ਫੱਲੜ, ਪ੍ਰੋਃ ਸ਼ਰਨਜੀਤ ਕੌਰ ਲੋਚੀ, ਰਾਜਿੰਦਰ ਸਿੰਘ ਸੰਧੂ, ਡਾਃ ਬਲਜੀਤ ਸਿੰਘ ਵਿਰਕ, ਨਵਜੋਤ ਸਿੰਘ ਜਰਗ, ਚਰਨਜੀਤ ਸਿੰਘ ਯੂ ਐੱਸ ਏ, ਹਰਬੰਸ ਮਾਲਵਾ ਅਤੇ ਪੀ ਏ ਯੂ ਲੁਧਿਆਣਾ ਦੇ ਸੰਯੁਕਤ ਨਿਰਦੇਸ਼ਕ ਡਾ: ਨਿਰਮਲ ਜੌੜਾ ਸਃ ਪਿਰਥੀਪਾਲ ਸਿੰਘ ਹੇਅਰ ਪੁਲਿਸ ਕਪਤਾਨ ਗੁਰਦਾਸਪੁਰ, ਪਲਵਿੰਦਰ ਕੌਰ ਗਰੇਵਾਲ ਕਿਲ੍ਹਾ ਰਾਏਪੁਰ, ਗੁਰਕਿਰਨ ਕੌਰ ਹੇਅਰ, ਰਮਨਦੀਪ ਕੌਰ ਗਿੱਲ ਤੇ ਸਃ ਜਗਰੂਪ ਸਿੰਘ ਸੇਖਵਾਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦਾਸਪੁਰ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਪੰਜਾਬੀ ਸਾਹਿਤ ਅਕਾਡਮੀ ਵੱਲੋਂ ਸਃ ਰਣਜੋਧ ਸਿੰਘ ਪ੍ਰਧਾਨ ਕਾਲਿਜ ਕਮੇਟੀ, ਕਾਲਜ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਨੂੰ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਸ: ਰਣਜੋਧ ਸਿੰਘ ਜੀ ਨੇ ਧੰਨਵਾਦੀ ਸ਼ਬਦ ਕਹੇ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।