2022-06-29 16:15:15 ( ਖ਼ਬਰ ਵਾਲੇ ਬਿਊਰੋ )
ਪਿਛਲੇ ਢਾਈ ਦਹਾਕਿਆਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਣ ਦੇ ਵਾਅਦੇ ਕਰਦੀਆਂ ਰਹੀਆਂ ਪਰ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਤੇ ਨਾਨਕੇ ਪਿੰਡ ਬਡਰੁੱਖਾਂ ਵਿੱਚ ਇਸ ਮਹਾਨ ਜਰਨੈਲ ਦਾ ਬੁੱਤ ਸਥਾਪਤ ਕਰਨ ਦੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਹਾਸਲ ਜਾਣਕਾਰੀ ਅਨੁਸਾਰ ਪਿੰਡ ਬਡਰੁੱਖਾਂ ਵਿੱਚ ਕਰੀਬ ਢਾਈ ਦਹਾਕੇ ਪਹਿਲਾਂ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਮੌਕੇ ਸੂਬਾਈ ਸਮਾਗਮ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਪਿੰਡ ਵਿੱਚ ਸ਼ੇਰ-ਏ-ਪੰਜਾਬ ਯਾਦਗਾਰੀ ਪਾਰਕ ਸਥਾਪਤ ਕਰਕੇ ਘੋੜੇ ’ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦਾ ਕਾਂਸੀ ਦਾ ਬੁੱਤ ਲਗਾਇਆ ਜਾਵੇਗਾ।
ਇਹ ਵਾਅਦਾ ਕਰੀਬ 19 ਵਰ੍ਹਿਆਂ ਮਗਰੋਂ 2016 ਵਿੱਚ ਉਸ ਵੇਲੇ ਪੂਰਾ ਹੁੰਦਾ ਜਾਪਿਆ, ਜਦੋਂ ਸਰਕਾਰ ਨੇ ਪਾਰਕ ਵਿੱਚ ਸਥਾਪਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਭੇਜ ਦਿੱਤਾ ਪਰ ਵਾਅਦੇ ਅਨੁਸਾਰ ਇਹ ਬੁੱਤ ਨਾ ਤਾਂ ਘੋੜੇ ਦੀ ਸਵਾਰੀ ਵਾਲਾ ਸੀ ਤੇ ਨਾ ਹੀ ਕਾਂਸੀ ਦਾ ਬਣਿਆ ਸੀ।
ਸਭ ਤੋਂ ਅਹਿਮ ਗੱਲ ਕਿ ਇਸ ਬੁੱਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਦੋਵੇਂ ਅੱਖਾਂ ਸਹੀ ਸਲਾਮਤ ਦਿਖਾਈਆਂ ਗਈਆਂ ਸਨ, ਜਿਸ ਕਾਰਨ ਪਿੰਡ ਦੀ ਪੰਚਾਇਤ ਨੇ ਇਹ ਬੁੱਤ ਸਥਾਪਤ ਨਾ ਕਰਨ ਦਾ ਫ਼ੈਸਲਾ ਲਿਆ। ਸਰਕਾਰੀ ਲਾਪ੍ਰਵਾਹੀ ਦਾ ਸ਼ਿਕਾਰ ਹੋ ਕੇ ਇਹ ਬੁੱਤ ਕਰੀਬ ਛੇ ਸਾਲ ਤੋਂ ਸਾਬਕਾ ਸਰਪੰਚ ਦੇ ਘਰ ਹੀ ਧੂੜ ਫੱਕ ਰਿਹਾ ਹੈ।