2022-09-23 13:22:40 ( ਖ਼ਬਰ ਵਾਲੇ ਬਿਊਰੋ )
ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਆਪਣੀ ਮੌਤ ਤੋਂ ਬਾਅਦ ਵੀ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ। ਕਲਾਕਾਰ ਦੀ ਆਵਾਜ਼ ਅੱਜ ਵੀ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਜਾਂਦੀ ਹੈ। ਅੱਜ ਭਲੇ ਹੀ ਸਿੱਧੂ ਸਾਡੇ ਵਿਚਕਾਰ ਮੌਜੂਦ ਨਹੀਂ ਹੈ ਪਰ ਫਿਰ ਵੀ ਉਹ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਕਲਾਕਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਉੱਪਰ ਦੇਖਣ ਨੂੰ ਮਿਲਦੀਆਂ ਹਨ। ਮੂਸੇਵਾਲਾ ਦਾ ਨਾਂ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਜ਼ਿੰਦਾ ਹੈ। ਆਪਣੀ ਘੱਟ ਉਮਰ ਵਿੱਚ ਕਈ ਉਪਲੱਬਧੀਆਂ ਹਾਸਿਲ ਕਰਨ ਵਾਲੇ ਸਟਾਰ ਦੇ ਨਾਂ ਨਾਲ ਇੱਕ ਹੋਰ ਰਿਕਾਰਡ ਜੁੜ ਗਿਆ ਹੈ।
ਦਰਅਸਲ, 29 ਮਈ 2022 ਨੂੰ ਮੌਤ ਤੋਂ ਬਾਅਦ ਵੀ ਮੂਸੇਵਾਲਾ ਦੇ ਕਈ ਗੀਤ ਟਰੈਂਡਿੰਗ `ਚ ਹਨ। ਇਸ ਦੌਰਾਨ ਯੂਟਿਊਬ ਨੇ ਸਨਮਾਨ ਵਜੋਂ ਮੂਸੇਵਾਲਾ ਨੂੰ ਡਾਇੰਮਡ ਪਲੇ ਬਟਨ ਦਿੱਤਾ ਹੈ। ਦੱਸ ਦੇਈਏ ਕਿ ਇਹ ਪ੍ਰਾਪਤੀ ਉਨ੍ਹਾਂ ਦੇ ਹਿੱਸੇ ਜਾਂਦੀ ਹੈ ਜਿਨ੍ਹਾਂ ਦੇ ਯੂਟਿਊਬ ਤੇ 1 ਕਰੋੜ ਚਾਹੁਣ ਵਾਲੇ ਸਬਸਕ੍ਰਾਈਬਰ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਸਿੱਧੂ ਮੂਸੇਵਾਲਾ ਦੇ ਯੂਟਿਊਬ ਤੇ 1 ਕਰੋੜ ਤੋਂ ਵੀ ਵੱਧ ਸਬਸਕ੍ਰਾਈਬਰ ਹੋ ਗਏ ਹਨ। ਇਸ ਲਈ ਉਨ੍ਹਾਂ ਦੇ ਹਿੱਸੇ ਇਹ ਸਨਮਾਨ ਗਿਆ ਹੈ।