ਅਸਤੀਫਾ ਬਨਾਮ ਜੀ ਕੇ ਦਾ ਹਾਈ ਡ੍ਰਾਮਾ :- ਅਕਾਲੀ ਦਲ ਚ ਕਿਉਂ ਹੋਈਆਂ ਬਗਾਵਤੀ ਸੁਰਾਂ ਸ਼ੁਰੂ .? ਪੜ੍ਹੋ ‘ਭਾਗ -1
ਚੰਡੀਗੜ੍ਹ, -ਸ਼੍ਰੋਮਣੀ ਅਕਾਲੀ ਦਲ ਦੇ ਹੁਕਮਰਾਨਾ ਖਿਲਾਫ ਸ਼ੁਰੂ ਹੋਈਆਂ ਆਪਣੀ ਪਾਰਟੀ ਦੇ ਹੀ ਅੰਦਰੋਂ ਬਾਗ਼ੀ ਸੁਰਾਂ ਦਾ ਮਾਮਲਾ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ।ਜਿਸ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਵੀ ਪਟਿਆਲਾ ਰੈਲੀ ਤੇ ਕਹਿਣਾ ਪੈ ਗਿਆ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਸੰਪਤੀ ਨਹੀਂ ।
ਪਰ ਮੇਰੇ ਨਜ਼ਰੀਏ ਚ ਅਸਲੀਅਤ ਗੱਲ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਵਿੱਚ ਘੁਟਣ ਮਹਿਸੂਸ ਕਰ ਰਹੇ ਟਕਸਾਲੀ ਆਗੂ ਹੌਲੀ -ਹੌਲੀ ਆਪਣੀ ਭੜਾਸ ਕੱਢਣ ਲੱਗ ਪਏ ਹਨ ।ਜਦ ਕਿ ਪਹਿਲਾਂ ਕਿਸੇ ਦੀ ਜ਼ੁਰਅਤ ਹੀ ਨਹੀਂ ਸੀ ਪੈਂਦੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੁਕਮਰਾਨ ਬਾਦਲ ਕੈਂਪਸ ਵਿਰੁੱਧ ਬੋਲਣ ,ਕਿਉਂਕਿ ਇਤਿਹਾਸ ਗਵਾਹ ਹੈ ,ਪਹਿਲਾਂ ਇਨ੍ਹਾਂ ਵਿਰੁੱਧ ਬੋਲਣ ਵਾਲੇ ਟਕਸਾਲੀ ਅਕਾਲੀ ਆਗੂਆਂ ਦਾ ਮਾੜਾ ਹਸ਼ਰ ਹੋਇਆ ।
ਤਾਜ਼ਾ ਵਾਪਰੇ ਘਟਨਾਕਰਮ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਸਿਸਟਮ ਵਿਰੁੱਧ ਬਗਾਵਤੀ ਸੁਰਾਂ ਅਲਾਪਣ ਵਾਲੇ਼ ਸਿੱਧੇ ਜਾਂ ਅਸਿੱਧੇ ਰੂਪ ਚ ਬਿਕਰਮ ਸਿੰਘ ਮਜੀਠਿਆ ਤੋਂ ਪੀੜਤ ਹਨ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਨਾਟਕੀ ਢੰਗ ਨਾਲ ਆਪਣੇ ਅਹੁਦੇ ਦਾ ਅਸਤੀਫ਼ਾ ਦੇਣ ਦੀਆਂ ਖਬਰਾਂ ਨਸ਼ਰ ਕਰਾਉਣਾ ਤੇ ਬਾਅਦ ਵਿੱਚ ਆਪਣੇ ਫੋਨ ਬੰਦ ਕਰ ਲੈਣਾ । ਇਸ ਖ਼ਬਰ ਦੇ ਫੈਲਣ ਤੇ ਅਕਾਲੀ ਹਲਕਿਆਂ ਚ ਹੜਕੰਪ ਮਚ ਜਾਣ ਤੋਂ ਬਾਅਦ ਮੀਡੀਆ ਚ ਇਹ ਕਹਿਣਾ ,ਕਿ ਉਸ ਵੱਲੋਂ ਤਾਂ ਤਿੰਨ ਦਿਨ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਾਰਜ ਸੀਨੀਅਰ ਮੀਤ ਪ੍ਰਧਾਨ ਨੂੰ ਦੇ ਦਿੱਤਾ ਗਿਆ ਸੀ ,ਕਿਉਂਕਿ ਉਸ ਨੇ ਆਪਣੇ ਜ਼ਰੂਰੀ ਕੰਮਾਂ ਲਈ ਬਾਹਰ ਜਾਣਾ ਹੈ ਤੇ ਨਾਲ ਹੀ ਇਹ ਸਪੱਸ਼ਟ ਕਰਨਾ ਕਿ ਉਸ ਨੇ ਅਕਾਲੀ ਦਲ ਤੋਂ ਕਦੇ ਵੀ ਅਸਤੀਫੇ ਬਾਰੇ ਨਹੀਂ ਸੋਚਿਆ ਆਦਿ ਦੇ ਡਰਾਮੇ ਪਿੱਛੇ ਜੀਕੇ ਦਾ ਰਾਜਸੀ ਭੇਦ ਰਾਜਨੀਤੀ ਦੀ ਸਮਝ ਰੱਖਣ ਵਾਲੇ ਲੋਕਾਂ ਤੋਂ ਛੁਪਿਆ ਨਹੀਂ।
ਬਾਅਦ ਵਿੱਚ ਭਾਵੇਂ ਮਨਜੀਤ ਸਿੰਘ ਜੀਕੇ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ,ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫ਼ੀ ਦੇਣ ਦਾ ਤਰੀਕਾ ਗ਼ਲਤ ਸੀ ਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਦਿੱਤੇ ਗਏ ਬਿਆਨ ਨੂੰ ਬਾਗ਼ੀ ਸੁਰ ਤੋਂ ਵੱਖ ਰੱਖ ਕੇ ਨਹੀਂ ਦੇਖਿਆ ਜਾ ਸਕਦਾ ।
ਅਸਲ ਵਿੱਚ ਮਨਜੀਤ ਸਿੰਘ ਜੀਕੇ ਦਾ ਦਰਦ ਅਕਾਲੀ ਰਾਜਨੀਤੀ ਨੂੰ ਨੇੜਿਓਂ ਵੇਖਣ ਵਾਲੇ ਲੋਕ ਜਾਣਦੇ ਹਨ ਕਿ ਪੰਜਾਬ ਵਾਂਗ ਦਿੱਲੀ ਵਿੱਚ ਵੀ ਅਕਾਲੀ ਦਲ ਦਾ ਰਿਮੋਟ ਕੰਟਰੋਲ ਹੱਥ ਚ ਰੱਖਣ ਵਾਲੇ ਬਿਕਰਮ ਸਿੰਘ ਮਜੀਠੀਆ ਨੇ ਜੀ ਕੇ ਦੇ ਸਾਥੀ ਮਨਜਿੰਦਰ ਸਿੰਘ ਸਿਰਸਾ ਨੂੰ ਆਪਣੀ ਬੇੜੇ ਚ ਬਿਠਾ ਲਿਆ ਹੈ ਇੱਥੋਂ ਤੱਕ ਕਿ ਉਸ ਨੂੰ ਅਕਾਲੀ ਸਰਕਾਰ ਸਮੇਂ ਕੈਬਨਿਟ ਰੈਂਕ ਦਾ ਅਹੁਦਾ ਤੇ ਹੁਣ ਉਸ ਨੂੰ ਅਕਾਲੀ ਦਲ ਦੇ ਹੈਡਕੁਆਟਰ ਨੂੰ ਚਲਾੳੁਣ ਲੲੀ ਚਾਬੀਆਂ ਵੀ ਦੇ ਦਿੱਤੀਆਂ ਗਈਆਂ ਹਨ ਤੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੂੰ ਅਕਾਲੀ ਦਲ ਵੱਲੋਂ ਭਾਜਪਾ ਨਾਲ ਲੋਕ ਸਭਾ ਚੋਣਾਂ ਚ ਲੁਧਿਆਣਾ ਸੀਟ ਤਬਦੀਲੀ ਸਮਝੌਤੇ ਅਨੁਸਾਰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜਵਾਉਣ ਲਈ ਤਿਆਰੀ ਕਰਵਾਈ ਜਾ ਰਹੀ ਹੈ।
ਮਾਝੇ ਚ ਅਕਾਲੀ ਰਾਜਨੀਤੀ ਚ ਪਹਿਲੀ ਵਾਰ ਵੱਡੇ ਦਿੱਗਜ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ ਰਤਨ ਸਿੰਘ ਅਜਨਾਲਾ ਵੱਲ਼ੋਂ ਖੁੱਲ ਕੇ ਕੀਤੀ ਗਈ ਬਗ਼ਾਵਤ ਵੀ ਬਿਕਰਮ ਸਿੰਘ ਮਜੀਠੀਆ ਦੇ ਖਾਤੇ ਜਾਂਦੀ ਹੈ ,ਕਿਉਂਕਿ ਉਸ ਨੇ ਚਾਣਕੀਆ ਨੀਤੀ ਅਨੁਸਾਰ ਭਵਿੱਖ ਚ ਸ਼ਰੀਕ ਬਣ ਕੇ ਅੱਖਾਂ ਦਿਖਾਣ ਵਾਲ਼ਿਆਂ ਨੂੰ ਅਕਾਲੀ ਸਰਕਾਰ ਦੇ 10 ਸਾਲਾ ਕਾਰਜਕਾਲ ਦੌਰਾਨ ਨੁੱਕਰੇ ਲਗਾ ਕੇ ਆਪਣੀਆਂ ਵੱਖਰੀਆਂ ਟੀਮਾਂ ਤਿਆਰ ਕਰ ਦਿੱਤੀਆਂ ਸਨ।
ਇਸ ਤਰ੍ਹਾਂ ਵੀ ਅਕਾਲੀ ਦਲ ਦੇ ਦੋ ਨੰਬਰ ਦੇ ਆਗੂ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਹਾਂ 'ਚ ਹਾਂ ਰੱਖਣ ਵਾਲੇ ਦਿੱਗਜ਼ ਨੇਤਾ ਸਖਦੇਵ ਸਿੰਘ ਢੀਡਸਾ ਵੱਲੋਂ ਆਪਣੀ ਸਿਹਤ ਦਾ ਬਹਾਨਾ ਲਾ ਕੇ ਦਿੱਤੇ ਗ਼ਏ ਅਸਤੀਫਿਆਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਬਾਰੇ ਕਮਿਸ਼ਨ ਦੀ ਰਿਪੋਰਟ ਪੇਸ਼ ਤੋਂ ਬਾਅਦ ਅਕਾਲੀ ਦਲ ਦੀ ਡਿੱਗ ਰਹੀ ਸਾਖ ਨੂੰ ਵੇਖਦਿਆਂ ਇਹ ਬਿਆਨ ਦਿੱਤਾ ਸੀ ,ਕਿ ਸਿੱਖ ਕੌਮ ਚ ਹੋਏ ਵੱਡੇ ਘਟਨਾਕ੍ਰਮਾਂ ਕਾਰਨ ਤੇ ਵਿਧਾਨ ਸਭਾ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਿਰੁੱਧ ਉੱਠੀ ਅਵਾਜ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਨੂੰ ਵੱਡੀ ਢਾਹ ਲੱਗੀ ਹੈ ,ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਨੂੰ ਹਟਾ ਦੇਣ ਚਾਹੀਦਾ ਹੈ ।
ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਹਟਾਉਣਾ ਤਾਂ ਇੱਕ ਪਾਸੇ ਸਗੋਂ ਜਥੇਦਾਰ ਤੋਂ ਪ੍ਰੈਸ ਕਾਨਫਰੰਸ਼ ਹੀ ਕਰਵਾ ਦਿੱਤੀ ਕਿ ੳੁਸ ਦਾ ਪੁੱਤਰ ਬਿਜ਼ਨਸ ਕਿਉਂ ਨਹੀਂ ਕਰ ਸਕਦਾ ਹੈ ।ਰਾਜਸ਼ੀ ਮਾਹਿਰ ਦਸਦੇ ਹਨ ਕਿ ਇਸ ਪਿੱਛੇ ਵੀ ਅਕਾਲੀ ਦਲ ਨੂੰ ਚਲਾਉਣ ਲਈ ਲਗਾਈ ਗਈ ਬਿਕਰਮ ਮਜੀਠੀਆ ਦੀ ਕਾਰਪੋਰੇਟ ਟੋਲੀ ਹੀ ਜ਼ਿੰਮੇਵਾਰ ਹਨ ।
ਨੋਟ :- ਕਿਉਂ ਹੋਈਆਂ ਬਗਾਵਤੀ ਸੁਰਾਂ ਸ਼ੁਰੂ ਤੇ ਅਕਾਲੀ ਦਲ ਦੀ ਉਲਝੀ ਤਾਣੀ ਬਾਣੀ ਨੂੰ ਜਾਨਣ ਲਈ ਭਾਗ ਦੂਜਾ (2) ਕੱੱਲ੍ਹ ਪੜ੍ਹੇ ।