ਜਾਗੋ ਮੀਡੀਆ :-ਸੰਨੀ ਦਿਓਲ ਵੱਲੋਂ ਨੁਮਾਇੰਦਾ ਨਿਯੁਕਤ ਕਰਨ ਦੇ ਮਾਮਲੇ ਦਾ ਵੱਡਾ ਖੁਲਾਸਾ :-ਮੀਡੀਆ ਰਿਪੋਰਟਾਂ ਦੀ ਕਿਵੇਂ ਖਿੱਲੀ ਉਡੀ.?
ਚੰਡੀਗੜ੍ਹ :- ਫਿਲਮੀ ਦੁਨੀਆਂ ਦੀ ਮੁੰਬਈ ਨਗਰੀ ਤੋਂ ਆ ਕੇ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਬਣੇ ਸੰਨੀ ਦਿਓਲ ਵੱਲੋਂ ਹਲਕੇ ਦੇ ਸਰਕਾਰੀ ਦਫਤਰਾਂ ਚ ਪਬਲਿਕ ਦਾ ਕੰਮ ਦੇਖਣ ਲਈ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਨੁਮਾਇੰਦਾ ਨਿਯੁਕਤ ਕਰਨ ਦਾ ਜਿਉਂ ਹੀ ਲੈਟਰ ਪੈਡ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਉਸ ਤੋਂ ਬਾਅਦ ਪਰਲੋ ਹੀ ਆ ਗਈ। ਫੇਸ ਬੁੱਕੀਆਂ ਤੋਂ ਵੀ ਦੋ ਕਦਮ ਅੱਗੇ ਹੋ ਕੇ ਵੱਡੇ ਟੀਵੀ ਚੈਨਲਾ ਨੇ ਹਾਹਾਕਾਰ ਮਚਾਉਂਦਿਆਂ ਇਸ ਖਬਰ ਨੂੰ EXCLUSIVE ਬਣਾ ਦਿੱਤਾ ,ਇੱਥੋਂ ਤੱਕ ਕਿ ਵੱਡੇ ਮੀਡੀਆ ਚੈਨਲਾਂ ਨੇ ਜਿਹੜੇ ਗਰਾਊਂਡ ਤੱਕ ਦੀ ਜਾਣਕਾਰੀ ਰੱਖਣ ਦਾ ਦਾਅਵਾ ਪੇਸ਼ ਕਰਦੇ ਹਨ ਨੇ ਵੀ ਹਵਾ ਚੋਂ ਮਿਲੀ ਜਾਣਕਾਰੀ ਚ ਸਨੀ ਦਿਓਲ ਜਿਹੜਾ ਕਿ ਰਾਜਨੀਤਕ ਪੱਖੋਂ ਕੋਰਾ ਹੈ', ਨੂੰ ਇਸ ਤਰ੍ਹਾਂ ਘੇਰ ਲਿਆ ਜਿਵੇਂ ਉਸ ਨੇ ਕੋਈ ਵੱਡਾ ਗੁਨਾਹ ਕਰ ਲਿਆ ਹੋਵੇ । ਇਸ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਸੰਨੀ ਦਿਓਲ ਨੇ ਆਪਣੇ ਅਹੁਦੇ ਦੀ ਰਜਿਸਟਰੀ ਆਪਣੇ ਖਾਸ ਵਿਅਕਤੀ ਦੇ ਨਾਂ ਕਰ ਦਿੱਤੀ ਹੋਵੇ ।
ਪਾਠਕਾਂ ਨੂੰ ਦੱਸ ਦਈਏ ਕਿ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਹਲਕੇ ਦੇ ਸਰਕਾਰੀ ਕੰਮਕਾਜ ਦੇਖਣ ਲਈ ਆਪਣੇ ਖਾਸ ਵਿਅਕਤੀਆਂ ਦਾ ਨਾਮ ਸਿਫਾਰਿਸ਼ ਕਰਕੇ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਭੇਜਦੇ ਹਨ , ਜਿਨ੍ਹਾਂ ਚ ਮੁੱਖ ਤੌਰ ਤੇ ਸ਼ਿਕਾਇਤ ਨਿਵਾਰਨ ਕਮੇਟੀ ,ਜ਼ਿਲ੍ਹਾ ਯੋਜਨਾ ਬੋਰਡ ਤੇ ਹੋਰ ਸਲਾਹਕਾਰ ਕਮੇਟੀਆਂ ਜਿਨ੍ਹਾਂ ਚ ਮੈਂਬਰ ਪਾਰਲੀਮੈਂਟ ਖੁਦ ਮੈਂਬਰ ਹੁੰਦਾ ਹੈ ,ਪਰ ਉਸ ਵੱਲੋਂ ਆਪਣੇ ਨੁਮਾਇੰਦੇ ਨੂੰ ਦਿੱਤਾ ਜਾਂਦਾ ਹੈ । ਸਨੀ ਦਿਓਲ ਵਾਲੇ ਮਾਮਲੇ ਚ ਵੀ ਇਹੋ ਹੀ ਸੀ , ਨਾ ਕਿ ਮੈਂਬਰ ਪਾਰਲੀਮੈਂਟ ਵੱਲੋਂ ਆਪਣੇ ਵੱਲੋਂ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਦੇ ਚੈੱਕ ਦਸਖ਼ਤ ਕਰਨ ਅਤੇ ਪਾਰਲੀਮੈਂਟ ਚ ਬੈਠਣ ਦਾ ਅਧਿਕਾਰ ਦੇਣਾ।
ਸੱਚਮੁੱਚ ਕੁਝ ਮੀਡੀਆ ਗਰੁੱਪਾਂ ਵੱਲੋਂ ਪਾਣੀ ਦੇ ਡਿੱਗਦੇ ਮਿਆਰ, ਪ੍ਰਦੂਸ਼ਣ ਅਤੇ ਨਸ਼ਿਆਂ ਵਰਗੇ ਭਖਦੇ ਮਸਲਿਆਂ ਨੂੰ ਛੱਡ ਕੇ ਖਾਹ ਮੁਖਾਹ ਆਪਣੀ ਮਸ਼ਹੂਰੀ ਲੈਣ ਦੇ ਚੱਕਰਾਂ ਚ ਜਿੱਥੇ ਆਪਣੀ ਭਰੋਸੇਯੋਗਤਾ ਗੁਆਈ ਹੈ, ਉੱਥੇ ਕੁਝ ਰਾਜਸੀ ਆਗੂਆਂ ਵੱਲੋਂ ਵੀ ਸੰਨੀ ਦਿਓਲ ਵਿਰੁੱਧ ਕੀਤੀਆਂ ਟਿੱਪਣੀਆਂ ਤੋਂ ਇਹੋ ਸਵਾਲ ਖੜੇ ਹੁੰਦੇ ਹਨ ਕਿ ਕੀ ਉਨ੍ਹਾਂ ਦੀਆਂ ਪਾਰਟੀਆਂ ਦੇ ਐੱਮਪੀਜ਼ ਵੱਲੋਂ ਕੋਈ ਨੁਮਾਇੰਦਾ ਸਬੰਧਤ ਹਲਕਿਆਂ ਲਈ ਨਹੀਂ ਨਿਯੁਕਤ ਕੀਤਾ ਗਿਆ ? ਭਾਵੇਂ ਕਿ ਸੰਨੀ ਦਿਓਲ ਨੇ ਆਪਣਾ ਸਪੱਸ਼ਟੀਕਰਨ ਵੀ ਟਵੀਟ ਰਾਹੀਂ ਇਹੋ ਦਿੱਤਾ ਹੈ ਕਿ ਉਸ ਵੱਲੋਂ ਪਲਹੇੜੀ ਨੂੰ ਆਪਣਾ ਪੀ ਏ ਨਿਯੁਕਤ ਕੀਤਾ ਗਿਆ ਹੈ ।