ਤਾਜਾ ਖਬਰਾਂ
ਚੰਡੀਗੜ੍ਹ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਲ ਹੀ ਵਿੱਚ ਸ੍ਰੀਨਗਰ ਵਿਖੇ ਪੰਜਾਬ ਸਰਕਾਰ ਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸਮਾਗਮ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੰਮ੍ਰਿਤਸਰ ਅਜੀਤ ਨਗਰ ਵਿਖੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਧਾਰਮਿਕ ਮਰਿਆਦਾ ਦੀ ਉਲੰਘਣਾ ਕਰਕੇ ਇਹ ਸਮਾਗਮ ਨਾ ਸਿਰਫ਼ ਅਣਉਚਿਤ ਸੀ, ਸਗੋਂ ਗੁਰਮਤ ਦੇ ਮਾਪਦੰਡਾਂ ਤੋਂ ਵੀ ਦੂਰ ਸੀ। ਉਹਨਾਂ ਨੇ ਆਖਿਆ ਕਿ ਗੁਰੂ ਘਰ ਵਿਚ ਹਰ ਸਿੱਖ ਨੂੰ ਸੇਵਾ ਕਰਨ ਦਾ ਅਧਿਕਾਰ ਹੈ, ਪਰ ਗੁਰਮਤ ਅਨੁਸਾਰ ਜੋ ਵਿਸ਼ੇਸ਼ ਧਾਰਮਿਕ ਕਾਰਜ ਹੁੰਦੇ ਹਨ – ਜਿਵੇਂ ਕਿ ਸਟੇਜ ਦੀ ਸੇਵਾ, ਭੋਗ ਪਾਠ, ਕੀਰਤਨ ਜਾਂ ਸਮਾਗਮਾਂ ਦੀ ਅਗਵਾਈ – ਉਹ ਤਿਆਰ-ਬਰ-ਤਿਆਰ ਅੰਮ੍ਰਿਤਧਾਰੀ ਸਿੱਖਾਂ ਦੁਆਰਾ ਹੀ ਹੋਣੇ ਚਾਹੀਦੇ ਹਨ। ਕਿਸੇ ਵੀ ਮਨੁੱਖ ਨੂੰ ਗੁਰੂ ਘਰ ਦੀ ਸੇਵਾ ਕਰਨ ਤੋਂ ਕੋਈ ਰੋਕ ਨਹੀਂ, ਪਰ ਮਰਿਆਦਾ ਦੇ ਅੰਦਰ ਰਹਿ ਕੇ ਕਰੇ ਉਹਨਾਂ ਸਾਫ਼ ਸ਼ਬਦਾਂ ਵਿਚ ਦੱਸਿਆ ਕਿ ਸ਼੍ਰੀਨਗਰ ਵਿਖੇ ਭਾਸ਼ਾ ਵਿਭਾਗ ਅਤੇ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਰਵਾਏ ਸਮਾਗਮ ਦੌਰਾਨ ਗੁਰਮਤ ਅਨੁਸਾਰ ਮਰਿਆਦਾ ਦੀ ਉਲੰਘਣਾ ਹੋਈ, ਜਿਸ ਕਰਕੇ ਨਿਰਾਸ਼ਾ ਫੈਲੀ ਅਤੇ ਸਿੱਖ ਭਾਈਚਾਰੇ 'ਚ ਗੁੱਸਾ ਉਭਰਿਆ। ਓਹਨਾ ਕਿਹਾ ਕਿ ਇਸ ਸਮਾਗਮ ਵਿਚ ਜੋ ਹੋਇਆ, ਉਹ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਸੀ। ਅਜਿਹੇ ਕਾਰਜ ਸਿੱਖੀ ਨੂੰ ਖ਼ਤਰੇ 'ਚ ਪਾ ਸਕਦੇ ਹਨ।
ਐਸਜੀਪੀਸੀ ਪ੍ਰਧਾਨ ਧਾਮੀ ਨੇ ਇਹ ਵੀ ਦਰਸਾਇਆ ਕਿ ਅਕਸਰ ਜਦੋਂ ਰਾਜਨੀਤਿਕ ਪਾਰਟੀਆਂ ਧਾਰਮਿਕ ਸਮਾਗਮ ਕਰਾਉਂਦੀਆਂ ਹਨ, ਤਾਂ ਗਲਤੀਆਂ ਹੋ ਜਾਂਦੀਆਂ ਹਨ, ਕਿਉਂਕਿ ਉਨ੍ਹਾਂ ਕੋਲ ਧਾਰਮਿਕ ਮਰਿਆਦਾ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ। ਉਹਨਾਂ ਪੰਜਾਬ ਸਰਕਾਰ ਨੂੰ ਟਕਰਾਅ ਦੀ ਸਥਿਤੀ ਨਾ ਬਣਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ "ਧਾਰਮਿਕ ਸਮਾਗਮ 'ਚ ਹਮੇਸ਼ਾ ਧਾਰਮਿਕ ਜਥੇਬੰਦੀਆਂ ਦੀ ਅਗਵਾਈ ਹੋਣੀ ਚਾਹੀਦੀ ਹੈ।"
ਉਹਨਾਂ ਕਿਹਾ ਕਿ "ਸਾਡੇ ਵੱਲੋਂ ਕੋਈ ਟਕਰਾਅ ਨਹੀਂ। ਜੇਕਰ ਸਹਿਯੋਗੀ ਰਵੱਈਆ ਹੋਵੇ, ਤਾਂ ਅਸੀਂ ਸਰਕਾਰ ਨੂੰ ਜੀ ਆਇਆ ਨੂੰ ਕਹਿਣਗੇ ਅਤੇ ਸਮਾਗਮਾਂ 'ਚ ਉਨ੍ਹਾਂ ਦੀ ਸ਼ਿਰਕਤ ਦਾ ਸਵਾਗਤ ਕਰਾਂਗੇ।" ਐਸਜੀਪੀਸੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਜਿਹੜਾ ਵੀ ਲੋਕ ਗਾਇਕ ਜਾਂ ਕੀਰਤਨੀਏ ਗੁਰਮਤ ਦੇ ਅਣਜਾਣ ਵਿਚ ਮਰਿਆਦਾ ਉਲੰਘਣ ਕਰ ਜਾਂਦੇ ਹਨ, ਉਹਨਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ ਮਾਫੀ ਮੰਗਣੀ ਚਾਹੀਦੀ ਹੈ। ਉਦਾਹਰਨ ਵਜੋਂ ਉਨ੍ਹਾਂ ਨੇ ਗਾਇਕ ਬੀਰ ਸਿੰਘ ਦਾ ਜ਼ਿਕਰ ਕੀਤਾ, ਜੋ ਸ਼੍ਰੀਨਗਰ ਦੇ ਸਮਾਗਮ ਵਿਚ ਹਿੱਸਾ ਲੈਣ ਤੋਂ ਬਾਅਦ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਅਤੇ ਮਾਫੀ ਮੰਗੀ।
ਇਸ ਤਰ੍ਹਾਂ ਦੇ ਮਾਮਲਿਆਂ 'ਚ ਕੇਵਲ ਮਾਫੀ ਨਹੀਂ, ਸਗੋਂ ਭਵਿੱਖ ਵਿੱਚ ਗੁਰਮਤ ਅਨੁਸਾਰ ਸਮਝਦਾਰੀ ਨਾਲ ਕੰਮ ਕਰਨ ਦੀ ਲੋੜ ਹੈ," ਉਹਨਾਂ ਨੇ ਕਿਹਾ। ਐਸਜੀਪੀਸੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਦੇ ਅਨੁਸਾਰ, ਇਹ ਸਿਰਫ਼ ਮੰਤਰੀ ਹਰਜੋਤ ਸਿੰਘ ਬੈਂਸ ਦੀ ਨਹੀਂ, ਸਗੋਂ ਪੂਰੀ ਪੰਜਾਬ ਸਰਕਾਰ ਦੀ ਅਖਲਾਕੀ ਜਿੰਮੇਵਾਰੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਭਵਿੱਖ ਵਿੱਚ ਜੇਕਰ ਕੋਈ ਧਾਰਮਿਕ ਸਮਾਗਮ ਕਰਵਾਇਆ ਜਾਣਾ ਹੋਵੇ ਤਾਂ ਸ਼੍ਰੋਮਣੀ ਕਮੇਟੀ ਜਾਂ ਹੋਰ ਮਰਿਆਦਾਵਾਨ ਧਾਰਮਿਕ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਕੀਤਾ ਜਾਵੇ। ਓਹਨਾ ਕਿਹਾ ਕਿ ਸਾਡੀ ਧਾਰਮਿਕ ਪਰੰਪਰਾ ਅਤੇ ਮਰਿਆਦਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਐਕਟ ਦੀ ਸਿੱਖ ਪੰਥ ਵਿਚ ਥਾਂ ਨਹੀਂ। ਗਲਤੀਆਂ ਤੋਂ ਸਿੱਖੋ ਅਤੇ ਅਗਾਂਹ ਨੂੰ ਸਹਿਯੋਗੀ ਰਸਤਾ ਅਪਣਾਓI
Get all latest content delivered to your email a few times a month.