IMG-LOGO
ਹੋਮ ਪੰਜਾਬ: ਉਦਯੋਗਿਕ ਫੋਕਲ ਪੁਆਇੰਟਾਂ ਦੀ ਦੇਖਭਾਲ ਲਈ ਬਣਾਈ ਜਾਵੇਗੀ ਵੱਖਰੀ ਅਥਾਰਟੀ...

ਉਦਯੋਗਿਕ ਫੋਕਲ ਪੁਆਇੰਟਾਂ ਦੀ ਦੇਖਭਾਲ ਲਈ ਬਣਾਈ ਜਾਵੇਗੀ ਵੱਖਰੀ ਅਥਾਰਟੀ : ਕੈਬਨਿਟ ਮੰਤਰੀ ਸੰਜੀਵ ਅਰੋੜਾ

Admin User - Aug 19, 2025 09:02 PM
IMG

ਚੰਡੀਗੜ੍ਹ/ਅੰਮ੍ਰਿਤਸਰ 19 ਅਗਸਤ- ਉਦਯੋਗ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰਵੱਲੋਂ ਸਾਰੇ ਉਦਯੋਗਿਕ ਫੋਕਲ ਪੁਆਇੰਟਾਂ ਦੀ ਦੇਖਭਾਲ ਲਈ  ਵੱਖਰੀ ਅਥਾਰਟੀ ਬਣਾਈ ਜਾ ਰਹੀ ਹੈ, ਤਾਂ ਜੋ ਉਦਯੋਗਪਤੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਸੁਚੱਜੇ ਢੰਗ ਨਾਲ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇ, ਅਸੀਂ ਫੋਕਲ ਪੁਆਇੰਟਾਂ ਨੂੰ ਅਪਗ੍ਰੇਡ ਕਰਨ ਲਈ 100 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਹਨ, ਜਿਸ ਵਿੱਚ ਸੀਵਰੇਜ, ਸੀਸੀਟੀਵੀ ਕੈਮਰੇ, ਲਾਈਟਾਂ, ਸੜਕਾਂ ਅਤੇ ਹੋਰ ਪ੍ਰਬੰਧ ਸ਼ਾਮਲ ਹਨ।  ਅਰੋੜਾ ਨੇ ਕਿਹਾ ਕਿ ਉਦਯੋਗਪਤੀਆਂ ਦੀ ਸਹੂਲਤ ਲਈ, ਅਸੀਂ ਜਲਦੀ ਹੀ  ਮੋਹਾਲੀ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਪ੍ਰਦਰਸ਼ਨੀ ਕੇਂਦਰ ਵੀ ਬਣਾਉਣ ਜਾ ਰਹੇ ਹਾਂ।

 ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗ ਦੇ ਵਿਕਾਸ ਲਈ, ਸਾਰੇ ਵੱਡੇ ਸ਼ਹਿਰਾਂ ਵਿੱਚ "ਰਾਈਜ਼ਿੰਗ ਪੰਜਾਬ - ਸੁਜੈਸ਼ਨਜ਼ ਟੂ ਸੌਲੂਸ਼ਨਜ਼" ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ, ਜਿਸਦੀ ਸ਼ੁਰੂਆਤ ਅੱਜ ਅੰਮ੍ਰਿਤਸਰ ਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਉਦਯੋਗਪਤੀਆਂ ਲਈ ਨਵੇਂ ਉਪਰਾਲੇ ਕਰ ਰਹੇ ਹਾਂ ਅਤੇ ਨਵੀਆਂ ਯੋਜਨਾਵਾਂ ਲੈ ਕੇ ਆ ਰਹੇ ਹਾਂ। ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 1 ਲੱਖ 14 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਸਾਢੇ ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ  ਇੱਕ ਮੁਸ਼ਤ ਨਿਪਟਾਰਾ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਹੱਲ ਕੀਤਾ ਹੈ, ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਲੀਜ਼ ਹੋਲਡ ਪਲਾਟ ਧਾਰਕਾਂ ਨੂੰ ਮਾਲਕੀ ਅਧਿਕਾਰ ਦੇ ਰਹੇ ਹਾਂ ਤਾਂ ਜੋ ਉਹ ਆਸਾਨੀ ਨਾਲ ਆਪਨਾ ਵਿੱਤੀ ਲੈਣ-ਦੇਣ  ਕਰ ਸਕਣ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਲਈ ਸਾਰੀਆਂ ਪ੍ਰਵਾਨਗੀਆਂ 45 ਦਿਨਾਂ ਦੇ ਅੰਦਰ-ਅੰਦਰ ਦੇ ਦਿੱਤੀਆਂ ਜਾਣਗੀਆਂ ਅਤੇ ਇਹ ਪ੍ਰਵਾਨਗੀਆਂ ਤੀਜੇ ਤੋਂ ਚੌਥੇ ਦਿਨ ਤੋਂ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਲਈ, ਕਿਸੇ ਵੀ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਸਿਰਫ਼ ਇੱਕ ਪੋਰਟਲ 'ਤੇ ਅਰਜ਼ੀ ਦੇਣੀ ਪਵੇਗੀ।  ਉਨ੍ਹਾਂ ਕਿਹਾ ਕਿ ਸਾਡੇ ਅਧਿਕਾਰੀ ਉਦਯੋਗਪਤੀਆਂ ਦੇ ਜ਼ਿਆਦਾਤਰ ਮਸਲੇ ਫ਼ੋਨ 'ਤੇ ਹੀ ਹੱਲ ਕਰ ਰਹੇ ਹਨ ਅਤੇ ਕਿਸੇ ਵੀ ਉਦਯੋਗਪਤੀ ਨੂੰ ਕਿਸੇ ਵੀ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ। ਉਨ੍ਹਾਂ ਕਿਹਾ ਕਿ ਉਦਯੋਗ ਨੂੰ ਸਿਖਰ 'ਤੇ ਲਿਜਾਣ ਲਈ, ਅਸੀਂ ਵੱਖ-ਵੱਖ ਖੇਤਰਾਂ ਦੀਆਂ 24 ਕਮੇਟੀਆਂ ਬਣਾਈਆਂ ਹਨ, ਜਿਨ੍ਹਾਂ ਵਿੱਚ ਕੋਈ ਵੀ ਮੈਂਬਰ ਸਿਆਸਤ ਨਾਲ ਸਬੰਧਤ ਨਹੀਂ ਹੈ, ਸਗੋਂ ਸਾਰੇ ਮੈਂਬਰ ਉਸ ਉਦਯੋਗ ਨਾਲ ਸਬੰਧਤ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀਂ 13 ਅਤੇ 14 ਮਾਰਚ ਨੂੰ ਮੋਹਾਲੀ ਵਿੱਚ ਪੰਜਾਬ ਨਿਵੇਸ਼ ਸੰਮੇਲਨ ਕਰਨ ਜਾ ਰਹੇ ਹਾਂ, ਜਿਸ ਵਿੱਚ ਅਸੀਂ ਆਪਣੇ ਸਾਰੇ ਉਦਯੋਗਪਤੀਆਂ, ਵਪਾਰੀਆਂ, ਐਨਆਰਆਈ ਭਰਾਵਾਂ ਅਤੇ ਵਿਦੇਸ਼ੀ ਕੰਪਨੀਆਂ ਨੂੰ ਸੱਦਾ ਦੇਵਾਂਗੇ ਤਾਂ ਜੋ ਉਹ ਪੰਜਾਬ ਵਿੱਚ ਨਿਵੇਸ਼ ਕਰ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਕਾਰੋਬਾਰ ਦੇ ਅਧਿਕਾਰ ਲਈ ਪਹਿਲਾਂ ਪ੍ਰਵਾਨਗੀ ਸੀਮਾ, ਜੋ ਕਿ 25 ਕਰੋੜ ਰੁਪਏ ਤੱਕ ਸੀ, ਨੂੰ ਵਧਾ ਕੇ 125 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਹ ਪ੍ਰਵਾਨਗੀਆਂ ਪੰਜ ਤੋਂ 15 ਦਿਨਾਂ ਦੇ ਅੰਦਰ -ਅੰਦਰ ਦੇ ਦਿੱਤੀਆਂ ਜਾਣ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੈ ਕਿ ਉਦਯੋਗਪਤੀਆਂ ਦੁਆਰਾ ਅਦਾ ਕੀਤਾ ਜਾਣ ਵਾਲਾ ਟੈਕਸ ਸਿਰਫ ਉਨ੍ਹਾਂ ਦੇ ਫੋਕਲ ਪੁਆਇੰਟਾਂ,  ਉਦਯੋਗਿਕ ਪਾਰਕਾਂ 'ਤੇ ਲਗਾਇਆ ਜਾਵੇ ਅਤੇ ਇਸ ਲਈ ਅਸੀਂ ਇੱਕ ਵਿਸ਼ੇਸ਼ ਅਥਾਰਟੀ ਬਣਾਉਣ ਜਾ ਰਹੇ ਹਾਂ।

ਉਨ੍ਹਾਂ ਖੁਲਾਸਾ ਕੀਤਾ ਕਿ ਪਿਛਲੇ ਸਾਲ ਅਸੀਂ ਉਦਯੋਗਪਤੀਆਂ ਨੂੰ 90 ਕਰੋੜ ਰੁਪਏ ਦੇ ਪ੍ਰੋਤਸਾਹਨ ਦਿੱਤੇ ਸਨ, ਪਰ ਹੁਣ ਮਹਿਜ਼ ਪੰਜ ਮਹੀਨਿਆਂ ਵਿੱਚ 222 ਕਰੋੜ ਰੁਪਏ ਵੰਡ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਭਵਿੱਖ ਵਿੱਚ ਉਦਯੋਗਪਤੀਆਂ ਤੋਂ ਕਦੇ ਵੀ ਬੈਂਕ ਗਰੰਟੀ ਨਹੀਂ ਲਵਾਂਗੇ। ਸੰਜੀਵ ਅਰੋੜਾ ਨੇ ਅੱਜ ਅਧਿਕਾਰੀਆਂ ਦੇ ਨਾਲ ਅੰਮ੍ਰਿਤਸਰ ਦੇ ਫੋਕਲ ਪੁਆਇੰਟਾਂ ਦਾ ਦੌਰਾ ਵੀ ਕੀਤਾ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ।

 ਇਸ ਮੌਕੇ ਵਿਧਾਇਕ ਜੀਵਨਜੋਤ ਕੌਰ, ਸ ਸੌਰਭੀ ਮਲਿਕ ਮੈਨੇਜਿੰਗ ਡਾਇਰੈਕਟਰ,  ਰਾਹੁਲ ਚਾਬਾ ਐਡੀਸ਼ਨਲ ਸੀਈਓ ਇਨਵੈਸਟ ਪੰਜਾਬ, ਜਸਕਰਨ ਬਦੇਸ਼ਾ ਇੰਚਾਰਜ ਲੋਕ ਸਭਾ, ਸ਼ਹਿਰੀ ਪ੍ਰਧਾਨ  ਪ੍ਰਭਬੀਰ ਬਰਾੜ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.