ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਹੜ੍ਹ ਸੰਕਟ ਬਾਰੇ ਚਿੰਤਾ ਜਤਾਉਂਦਿਆਂ ਇਸਨੂੰ ਇਤਿਹਾਸਕ ਕਹਿਰ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਨੌਜਵਾਨਾਂ, ਸਮਾਜਸੇਵੀ ਸੰਗਠਨਾਂ (ਐਨਜੀਓਜ਼), ਫੌਜ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਕੀਤੀ ਮਦਦ ਕਾਬਿਲ-ਏ-ਤਾਰੀਫ਼ ਹੈ।
ਮਾਨ ਨੇ ਸੂਬੇ ਦੇ ਕਿਸਾਨਾਂ ਅਤੇ ਆਮ ਲੋਕਾਂ ਲਈ ਕਈ ਵੱਡੇ ਮੁਆਵਜ਼ੇ ਦੇ ਐਲਾਨ ਕੀਤੇ। ਉਨ੍ਹਾਂ ਦੱਸਿਆ ਕਿ ਜਿਹਨਾਂ ਦੀਆਂ ਫਸਲਾਂ ਦਾ 26 ਤੋਂ 75 ਪ੍ਰਤੀਸ਼ਤ ਤੱਕ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਮਿਲਣਗੇ। ਜਿਹਨਾਂ ਦੀਆਂ ਫਸਲਾਂ ਦਾ 75 ਤੋਂ 100 ਫੀਸਦੀ ਤੱਕ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮਿਲਣਗੇ। ਇਸ ਤੋਂ ਇਲਾਵਾ ਜਿਹਨਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਉਹਨਾਂ ਨੂੰ ਵੀ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ।
ਖੇਤਾਂ ਦੀ ਡੀਸੀਲਟਿੰਗ ਲਈ 7200 ਰੁਪਏ ਪ੍ਰਤੀ ਏਕੜ ਦਾ ਐਲਾਨ ਕੀਤਾ ਗਿਆ ਹੈ, ਜਦਕਿ ਰੁੜ੍ਹੀਆਂ ਜਾਂ ਪੂਰੀ ਤਰ੍ਹਾਂ ਖ਼ਤਮ ਹੋਈਆਂ ਜ਼ਮੀਨਾਂ ਦੇ ਮਾਲਕਾਂ ਨੂੰ 47,500 ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਯਕੀਨੀ ਬਣਾਇਆ ਕਿ ਸਾਰਾ ਮੁਆਵਜ਼ਾ ਦਿਵਾਲੀ ਤੋਂ ਪਹਿਲਾਂ ਲੋਕਾਂ ਤੱਕ ਪਹੁੰਚ ਜਾਵੇਗਾ।
ਕੇਂਦਰ ਸਰਕਾਰ ਦੀ ਰਾਹਤ ਰਕਮ 'ਤੇ ਨਿਰਾਸ਼ਾ ਜਤਾਉਂਦਿਆਂ, ਮਾਨ ਨੇ ਕਿਹਾ ਕਿ ਕੇਂਦਰ ਵੱਲੋਂ ਮਿਲੇ 1600 ਕਰੋੜ ਰੁਪਏ ਕਾਫ਼ੀ ਨਹੀਂ ਹਨ ਅਤੇ ਪੰਜਾਬ ਨੂੰ ਘੱਟ ਤੋਂ ਘੱਟ 20,000 ਕਰੋੜ ਰੁਪਏ ਦੀ ਲੋੜ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਮੀਟਿੰਗ ਨਾ ਦੇਣ 'ਤੇ ਵੀ ਅਸੰਤੁਸ਼ਟੀ ਜਤਾਈ ਅਤੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ।
Get all latest content delivered to your email a few times a month.