ਤਾਜਾ ਖਬਰਾਂ
ਦੱਖਣੀ ਏਸ਼ੀਆ ਦੇ ਦੇਸ਼ ਇੰਡੋਨੇਸ਼ੀਆ ਦੇ ਜਾਵਾ ਟਾਪੂ 'ਤੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਇਸਲਾਮਿਕ ਸਕੂਲ ਦੀ ਇਮਾਰਤ ਅਚਾਨਕ ਢਹਿ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਲਬੇ ਹੇਠ ਕਰੀਬ 65 ਬੱਚੇ ਦੱਬੇ ਹੋਏ ਹਨ।
ਐਸੋਸੀਏਟਡ ਪ੍ਰੈਸ (AP) ਦੀ ਰਿਪੋਰਟ ਅਨੁਸਾਰ, ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ (Rescue Operation) ਜਾਰੀ ਹੈ ਅਤੇ ਹੁਣ ਤੱਕ ਇੱਕ ਬੱਚੇ ਦੀ ਮ੍ਰਿਤਕ ਦੇਹ ਮਿਲ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਕੂਲ ਦੀ ਇਮਾਰਤ ਨਿਰਮਾਣ ਅਧੀਨ ਸੀ ਕਿ ਅਚਾਨਕ ਢਹਿ ਗਈ।
ਰਾਤ ਭਰ ਚੱਲਿਆ ਬਚਾਅ ਕਾਰਜ:
ਇਹ ਦੁਖਦ ਘਟਨਾ ਪੂਰਬੀ ਜਾਵਾ ਦੇ ਸਿਦੋਅਰਜੋ ਸ਼ਹਿਰ ਵਿੱਚ ਸਥਿਤ ਅਲ ਖੋਜਿਨੀ ਇਸਲਾਮਿਕ ਬੋਰਡਿੰਗ ਸਕੂਲ ਦੀ ਅਸਥਿਰ ਕੰਕਰੀਟ ਦੀ ਬਣੀ ਇਮਾਰਤ ਵਿੱਚ ਵਾਪਰੀ। ਬਚਾਅ ਦਲ ਦੇ ਕਰਮਚਾਰੀ, ਪੁਲਿਸ ਅਤੇ ਸੈਨਿਕ ਰਾਤ ਭਰ ਮਲਬੇ ਦੀ ਖੁਦਾਈ ਵਿੱਚ ਜੁੱਟੇ ਰਹੇ। ਮਲਬੇ ਹੇਠ ਦੱਬੇ ਵਿਦਿਆਰਥੀਆਂ ਤੱਕ ਆਕਸੀਜਨ ਅਤੇ ਪਾਣੀ ਪਹੁੰਚਾਇਆ ਜਾ ਰਿਹਾ ਹੈ।
ਬਚਾਅ ਕਰਮੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਮਲਬੇ ਹੇਠ ਦੱਬੇ ਬੱਚੇ ਨਜ਼ਰ ਆ ਰਹੇ ਹਨ, ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਪਰਿਵਾਰਾਂ ਦਾ ਹਾਲ ਬੇਹਾਲ:
ਮਲਬੇ ਹੇਠ ਦੱਬੇ ਵਿਦਿਆਰਥੀਆਂ ਵਿੱਚੋਂ ਜ਼ਿਆਦਾਤਰ 7ਵੀਂ ਤੋਂ 11ਵੀਂ ਕਲਾਸ ਦੇ ਲੜਕੇ ਹਨ, ਜਿਨ੍ਹਾਂ ਦੀ ਉਮਰ 12 ਤੋਂ 17 ਸਾਲ ਦੇ ਵਿਚਕਾਰ ਹੈ। ਸਕੂਲ ਕੰਪਲੈਕਸ ਵਿੱਚ ਕਮਾਂਡ ਪੋਸਟ 'ਤੇ ਇੱਕ ਨੋਟਿਸ ਲਗਾ ਕੇ ਹਾਦਸੇ ਦੀ ਜਾਣਕਾਰੀ ਬੱਚਿਆਂ ਦੇ ਮਾਪਿਆਂ ਨੂੰ ਦਿੱਤੀ ਗਈ ਹੈ।
ਸਕੂਲ ਕੰਪਲੈਕਸ ਅਤੇ ਹਾਦਸੇ ਵਾਲੀ ਥਾਂ ਦੇ ਆਸ-ਪਾਸ ਮਾਪਿਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਉਹ ਆਪਣੇ ਬੱਚਿਆਂ ਦੀ ਸਲਾਮਤੀ ਲਈ ਦੁਆਵਾਂ ਕਰ ਰਹੇ ਹਨ ਅਤੇ ਕਈ ਮਾਵਾਂ ਰੋ-ਰੋ ਕੇ ਬੇਹਾਲ ਹੋ ਚੁੱਕੀਆਂ ਹਨ। ਉਹ ਬੇਸਬਰੀ ਨਾਲ ਆਪਣੇ ਬੱਚਿਆਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਹਨ।
Get all latest content delivered to your email a few times a month.