ਤਾਜਾ ਖਬਰਾਂ
ਫਿਲੀਪੀਨਜ਼ ਵਿੱਚ ਮੰਗਲਵਾਰ ਰਾਤ ਨੂੰ ਆਏ 6.7 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਭੂਚਾਲ ਕਾਰਨ ਇੱਕ ਗਿਰਜਾਘਰ ਨੁਕਸਾਨਿਆ ਗਿਆ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਵਿੱਚ ਰੁਕਾਵਟ ਆਈ। ਭੂਚਾਲ ਦਾ ਕੇਂਦਰ ਸੇਬੂ ਸੂਬੇ ਦੇ ਬੋਗੋ ਸ਼ਹਿਰ ਤੋਂ 17 ਕਿਲੋਮੀਟਰ ਉੱਤਰ-ਪੂਰਬ ਵਿੱਚ ਸੀ। ਸੇਬੂ ਸੂਬੇ ਦੇ ਦਾਨਬਾਂਤਾਯਨ ਕਸਬੇ ਵਿੱਚ ਬਿਜਲੀ ਸਪਲਾਈ ਵਿੱਚ ਰੁਕਾਵਟ ਪਈ ਹੈ, ਜਿੱਥੇ ਗਿਰਜਾਘਰ ਸਥਿਤ ਹੈ। ਭੂਚਾਲ ਕਾਰਨ ਹੁਣ ਤੱਕ 31 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਵੀ ਹੋਏ ਹਨ।
ਘਰਾਂ ਤੋਂ ਬਾਹਰ ਨਿਕਲੇ ਲੋਕ
ਫਿਲੀਪੀਨਜ਼ ਦੁਨੀਆ ਦੇ ਸਭ ਤੋਂ ਵੱਧ ਆਫ਼ਤ ਸੰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ। ਇਹ ਪ੍ਰਸ਼ਾਂਤ ਮਹਾਸਾਗਰ ਦੇ "ਰਿੰਗ ਆਫ਼ ਫਾਇਰ" ਭਾਵ ਭੂਚਾਲ ਵਾਲੀਆਂ ਨੁਕਸ ਲਾਈਨਾਂ ਦੇ ਘੇਰੇ ਵਿੱਚ ਆਉਂਦਾ ਹੈ। ਇੱਥੇ ਹਰ ਸਾਲ ਤੂਫ਼ਾਨ ਅਤੇ ਚੱਕਰਵਾਤ ਵੀ ਆਉਂਦੇ ਹਨ। ਭੂਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਲੋਕ ਡਰ ਕੇ ਘਰਾਂ ਤੋਂ ਬਾਹਰ ਸੜਕਾਂ 'ਤੇ ਆ ਗਏ।
ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ
ਆਫ਼ਤ ਕਾਰਜਾਂ ਨਾਲ ਜੁੜੇ ਅਧਿਕਾਰੀ ਰੈਕਸ ਯਗੋਟ ਨੇ ਐਸੋਸੀਏਟਿਡ ਪ੍ਰੈਸ ਨੂੰ ਫ਼ੋਨ 'ਤੇ ਦੱਸਿਆ ਕਿ ਬੋਗੋ ਸੇਬੂ ਸੂਬੇ ਦਾ ਇੱਕ ਤੱਟਵਰਤੀ ਸ਼ਹਿਰ ਹੈ ਜਿਸ ਦੀ ਆਬਾਦੀ ਲਗਭਗ 90,000 ਹੈ। ਇਸ ਸ਼ਹਿਰ ਵਿੱਚ ਘੱਟੋ-ਘੱਟ 14 ਨਿਵਾਸੀਆਂ ਦੀ ਮੌਤ ਹੋ ਗਈ ਹੈ। ਬੋਗੋ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਖਿਸਕਣ ਅਤੇ ਚੱਟਾਨਾਂ ਤੋਂ ਪ੍ਰਭਾਵਿਤ ਇੱਕ ਪਹਾੜੀ ਪਿੰਡ ਵਿੱਚ ਮਸ਼ੀਨਾਂ ਪਹੁੰਚਾਉਣ ਦੀ ਕੋਸ਼ਿਸ਼ ਜਾਰੀ ਹੈ।
ਇੱਕ ਹੋਰ ਅਧਿਕਾਰੀ ਗਲੇਨ ਉਰਸਲ ਨੇ ਦੱਸਿਆ, "ਬੋਗੋ ਇਲਾਕੇ ਵਿੱਚ ਆਉਣਾ-ਜਾਣਾ ਮੁਸ਼ਕਲ ਹੈ ਕਿਉਂਕਿ ਇੱਥੇ ਖ਼ਤਰਾ ਹੈ।" ਉਨ੍ਹਾਂ ਦੱਸਿਆ ਕਿ ਕੁਝ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸ਼ਹਿਰ ਦੇ ਆਫ਼ਤ ਦਫ਼ਤਰ ਦੀ ਮੁਖੀ ਜੇਮਾ ਵਿਲਾਮੋਰ ਨੇ ਏਪੀ ਨੂੰ ਦੱਸਿਆ ਕਿ ਬੋਗੋ ਦੇ ਨੇੜੇ ਮੇਡਲਿਨ ਸ਼ਹਿਰ ਵਿੱਚ ਘੱਟੋ-ਘੱਟ 12 ਨਿਵਾਸੀਆਂ ਦੀ ਮੌਤ ਹੋਈ ਹੈ। ਕੁਝ ਲੋਕਾਂ ਦੀ ਮੌਤ ਸੌਂਦੇ ਸਮੇਂ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਡਿੱਗਣ ਕਾਰਨ ਹੋਈ। ਹਾਲਾਤਾਂ ਦੇ ਮੱਦੇਨਜ਼ਰ ਫਿਲੀਪੀਨਜ਼ ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਸੰਸਥਾਨ ਨੇ ਸੇਬੂ ਅਤੇ ਨੇੜਲੇ ਲੇਯਟੇ ਅਤੇ ਬਿਲਿਰਨ ਸੂਬਿਆਂ ਦੇ ਤੱਟਵਰਤੀ ਖੇਤਰਾਂ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ।
ਭੂਚਾਲ ਤੋਂ ਪਹਿਲਾਂ ਤੂਫ਼ਾਨ ਨੇ ਮਚਾਈ ਤਬਾਹੀ
ਫਿਲੀਪੀਨਜ਼ ਦੇ ਸੇਬੂ ਅਤੇ ਹੋਰ ਸੂਬੇ ਅਜੇ ਵੀ ਚੱਕਰਵਾਤ 'ਬੁਆਲੋਈ' ਤੋਂ ਉੱਭਰ ਰਹੇ ਸਨ ਕਿ ਹੁਣ ਭੂਚਾਲ ਨੇ ਤਬਾਹੀ ਮਚਾਈ ਹੈ। ਤੂਫ਼ਾਨ ਕਾਰਨ ਫਿਲੀਪੀਨਜ਼ ਵਿੱਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਸੀ। ਜ਼ਿਆਦਾਤਰ ਲੋਕ ਡੁੱਬਣ ਅਤੇ ਦਰੱਖਤ ਡਿੱਗਣ ਕਾਰਨ ਮਾਰੇ ਗਏ ਸਨ। ਇਸ ਤੂਫ਼ਾਨ ਕਾਰਨ ਕਈ ਸ਼ਹਿਰਾਂ ਅਤੇ ਕਸਬਿਆਂ ਦੀ ਬਿਜਲੀ ਗੁੱਲ ਹੋ ਗਈ ਸੀ ਅਤੇ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਖਾਲੀ ਕਰਨਾ ਪਿਆ ਸੀ।
Get all latest content delivered to your email a few times a month.