ਤਾਜਾ ਖਬਰਾਂ
ਪੰਜਾਬ ਦੇ ਉੱਭਰਦੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦੇ ਸ਼ਗਨ ਸਮਾਰੋਹ ਮੌਕੇ ਮੰਗਲਵਾਰ ਦੇਰ ਰਾਤ (30 ਸਤੰਬਰ) ਲੁਧਿਆਣਾ ਦੇ ਇੱਕ ਰਿਜ਼ੋਰਟ ਵਿੱਚ ਜਸ਼ਨ ਦਾ ਮਾਹੌਲ ਬਣਿਆ ਰਿਹਾ। ਖੇਡਾਂ ਅਤੇ ਕਲਾ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਇਸ ਮੌਕੇ ਸ਼ਿਰਕਤ ਕੀਤੀ, ਜਿਸ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਖਾਸ ਖਿੱਚ ਦਾ ਕੇਂਦਰ ਰਹੇ।
ਅਭਿਸ਼ੇਕ ਸ਼ਰਮਾ ਰਾਤ ਕਰੀਬ 11 ਵਜੇ ਸਮਾਰੋਹ ਵਿੱਚ ਪਹੁੰਚੇ। ਉਨ੍ਹਾਂ ਤੋਂ ਇਲਾਵਾ, ਪੰਜਾਬੀ ਗਾਇਕ ਜੱਸੀ ਗਿੱਲ ਅਤੇ ਗਗਨ ਕੋਕਰੀ ਵੀ ਖੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਪਹੁੰਚੇ।
ਯੁਵਰਾਜ ਤੇ ਅਭਿਸ਼ੇਕ ਨੇ ਰਣਜੀਤ ਬਾਵਾ ਦੇ ਗੀਤ 'ਤੇ ਮਾਰੀ ਧਮਾਲ
ਸ਼ਗਨ ਸਮਾਰੋਹ ਦੌਰਾਨ, ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਹਿੱਟ ਗੀਤਾਂ ਨਾਲ ਸਟੇਜ 'ਤੇ ਖੂਬ ਰੰਗ ਬੰਨ੍ਹਿਆ। ਮਾਹੌਲ ਉਦੋਂ ਹੋਰ ਵੀ ਰੰਗੀਨ ਹੋ ਗਿਆ ਜਦੋਂ ਯੁਵਰਾਜ ਸਿੰਘ ਅਤੇ ਅਭਿਸ਼ੇਕ ਸ਼ਰਮਾ ਦੋਵਾਂ ਨੇ ਰਣਜੀਤ ਬਾਵਾ ਦੇ ਗੀਤ "ਗਿੱਦੜਾ ਦਾ ਸੁਣਿਆ ਗਰੁੱਪ ਫਿਰਦਾ, ਓ ਕਹਿੰਦੇ ਸ਼ੇਰ ਮਾਰਨ” ਦੀ ਧੁਨ 'ਤੇ ਖੁੱਲ੍ਹ ਕੇ ਭੰਗੜਾ ਪਾਇਆ।
ਕੋਮਲ ਸ਼ਰਮਾ 3 ਅਕਤੂਬਰ ਨੂੰ ਵਿਆਹੇਗੀ
ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਲੁਧਿਆਣਾ ਦੇ ਨੌਜਵਾਨ ਕਾਰੋਬਾਰੀ ਲਵਿਸ਼ ਓਬਰਾਏ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹੈ। ਇਹ ਵਿਆਹ ਸਮਾਗਮ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਹੋਵੇਗਾ। ਲਵਿਸ਼ ਨਾ ਸਿਰਫ਼ ਇੱਕ ਕਾਰੋਬਾਰੀ ਹਨ, ਸਗੋਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਹਨ ਅਤੇ ਇੱਕ ਕੰਟੈਂਟ ਕਰੇਟਰ ਵਜੋਂ ਜਾਣੇ ਜਾਂਦੇ ਹਨ।
ਫਲਾਈਟ 'ਚ ਯੁਵਰਾਜ ਨਾਲ ਕੀਤੀ ਸੀ ਤਸਵੀਰ ਸਾਂਝੀ
ਵਿਆਹ ਦੀਆਂ ਰਸਮਾਂ ਲਈ ਅਭਿਸ਼ੇਕ ਸ਼ਰਮਾ ਸੋਮਵਾਰ ਰਾਤ ਨੂੰ ਹੀ ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚ ਗਏ ਸਨ। ਇਸ ਮੌਕੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਯਾਦਗਾਰੀ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਫਲਾਈਟ ਵਿੱਚ ਯੁਵਰਾਜ ਸਿੰਘ ਦੇ ਨਾਲ ਨਜ਼ਰ ਆ ਰਹੇ ਸਨ।
Get all latest content delivered to your email a few times a month.