ਤਾਜਾ ਖਬਰਾਂ
ਅੰਮ੍ਰਿਤਸਰ ਦੇ ਕੱਥੂਨੰਗਲ ਰੋਡ ‘ਤੇ ਅੱਜ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦਾ ਜੀਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਦੁਰਘਟਨਾ ਉਸ ਵੇਲੇ ਵਾਪਰੀ ਜਦੋਂ ਦੋਵੇਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦੁਰਗਾ ਅਸ਼ਟਮੀ ਦੇ ਮੌਕੇ ਚਵਿੰਡਾ ਦੇਵੀ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਦੀ ਮੋਟਰਸਾਈਕਲ ਦੀ ਟੱਕਰ ਇੱਕ ਤੇਜ਼ ਰਫ਼ਤਾਰ ਟਿੱਪਰ ਨਾਲ ਹੋ ਗਈ। ਟੱਕਰ ਇਨੀ ਜ਼ਬਰਦਸਤ ਸੀ ਕਿ ਨੌਜਵਾਨ ਰਮਨ ਕੁਮਾਰ, ਜੋ ਕੱਥੂਨੰਗਲ ਦਾ ਰਹਿਣ ਵਾਲਾ ਸੀ, ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਜੀਜੇ ਨੂੰ ਪਹਿਲਾਂ ਸਿਵਲ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਕਾਰਨ ਬਾਅਦ ਵਿੱਚ ਉਸਨੂੰ ਨਿੱਜੀ ਹਸਪਤਾਲ ਰੈਫ਼ਰ ਕਰਨਾ ਪਿਆ। ਦੁਰਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੀ ਭਾਰੀ ਭੀੜ ਮੌਕੇ ‘ਤੇ ਇਕੱਠੀ ਹੋ ਗਈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਟਿੱਪਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਸ ਅਚਾਨਕ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ‘ਤੇ ਬੇਤਹਾਸਾ ਤੇਜ਼ ਰਫ਼ਤਾਰ ਨਾਲ ਦੌੜ ਰਹੇ ਭਾਰੀ ਵਾਹਨਾਂ ‘ਤੇ ਨਿਗਰਾਨੀ ਤੇ ਕਾਰਵਾਈ ਵਧਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ-ਸਮੇਂ ‘ਤੇ ਸਖ਼ਤ ਕਦਮ ਚੁੱਕੇ ਜਾਣ ਤਾਂ ਅਜੇਹੀਆਂ ਦੁਰਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
Get all latest content delivered to your email a few times a month.