ਤਾਜਾ ਖਬਰਾਂ
ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਲੰਮੇ ਸਮੇਂ ਤੋਂ ਬਾਅਦ ਦੁਬਾਰਾ ਸਰਗਰਮ ਰਾਜਨੀਤੀ ਵਿੱਚ ਵਾਪਸੀ ਦਾ ਰਸਮੀ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਹੋਈ ਕਾਂਗਰਸ ਪਾਰਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਦੌਰਾਨ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਲੜਨ ਲਈ ਤਿਆਰ ਹਨ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਹੁਣ ਸਿਹਤਮੰਦ ਹਨ ਅਤੇ ਨਵੀਂ ਊਰਜਾ ਨਾਲ ਲੋਕਾਂ ਦੀ ਸੇਵਾ ਲਈ ਤਿਆਰ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਮੈਂ ਹਮੇਸ਼ਾ ਲੋਕਾਂ ਲਈ ਕੰਮ ਕੀਤਾ ਹੈ। ਹੁਣ ਜਦੋਂ ਮੈਂ ਮੁੜ ਸਰਗਰਮ ਹੋਈ ਹਾਂ, ਮੈਂ ਚਾਹੁੰਦੀ ਹਾਂ ਕਿ ਵਿਧਾਇਕ ਵਜੋਂ ਆਪਣੀ ਸੇਵਾ ਜਾਰੀ ਰੱਖਾਂ। ਲੋਕ ਅਤੇ ਮੇਰੇ ਸਮਰਥਕ ਦੋਵੇਂ ਹੀ ਚਾਹੁੰਦੇ ਹਨ ਕਿ ਮੈਂ ਫਿਰ ਅੰਮ੍ਰਿਤਸਰ ਪੂਰਬੀ ਤੋਂ ਨੁਮਾਇੰਦਗੀ ਕਰਾਂ।”
ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਹਾਲਾਂਕਿ ਉਹ ਚੋਣ ਲੜਨ ਲਈ ਤਿਆਰ ਹਨ, ਪਰ ਉਮੀਦਵਾਰੀ ਦਾ ਅੰਤਿਮ ਫੈਸਲਾ ਕਾਂਗਰਸ ਹਾਈਕਮਾਂਡ ਕੋਲ ਹੈ।
ਮੀਡੀਆ ਵੱਲੋਂ ਜਦੋਂ ਉਨ੍ਹਾਂ ਦੇ ਪਤੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਗਿਆ, ਤਾਂ ਨਵਜੋਤ ਕੌਰ ਨੇ ਵਿਸਥਾਰ ਨਾਲ ਬੋਲਣ ਤੋਂ ਗੁਰੇਜ਼ ਕੀਤਾ, ਪਰ ਇਹ ਪੁਸ਼ਟੀ ਜ਼ਰੂਰ ਕੀਤੀ ਕਿ ਉਹ ਵੀ 2027 ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਦ੍ਰਿੜ ਹਨ।
ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਕਾਂਗਰਸ ਅੰਦਰ ਅੰਮ੍ਰਿਤਸਰ ਪੂਰਬੀ ਹਲਕੇ ਦੀ ਗਤੀਵਿਧੀ ਤੇਜ਼ ਹੋ ਗਈ ਹੈ। ਕਿਉਂਕਿ ਇਸ ਹਲਕੇ ਤੋਂ ਹੁਣ ਘੱਟੋ-ਘੱਟ ਤਿੰਨ ਮਜ਼ਬੂਤ ਦਾਅਵੇਦਾਰ ਸਾਹਮਣੇ ਆ ਰਹੇ ਹਨ: ਨਵਜੋਤ ਕੌਰ ਸਿੱਧੂ, ਦਿਨੇਸ਼ ਬੱਸੀ (ਸਾਬਕਾ ਇੰਪਰੂਵਮੈਂਟ ਟਰੱਸਟ ਚੇਅਰਮੈਨ ਅਤੇ ਸੀਨੀਅਰ ਕਾਂਗਰਸ ਨੇਤਾ)ਅਤੇ ਜਸਬੀਰ ਸਿੰਘ ਡਿੰਪਾ (ਸਾਬਕਾ ਸੰਸਦ ਮੈਂਬਰ ਅਤੇ ਹਲਕੇ ਦੇ ਪਾਰਟੀ ਇੰਚਾਰਜ)।
ਇਸ ਕਰਕੇ ਅੰਮ੍ਰਿਤਸਰ ਪੂਰਬੀ ਸੀਟ ਨੂੰ ਕਾਂਗਰਸ ਲਈ 2027 ਦੀਆਂ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਧ ਮੁਕਾਬਲਾਤਮਕ ਹਲਕਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.