ਤਾਜਾ ਖਬਰਾਂ
ਪੰਜਾਬੀ ਗਾਇਕ Sidhu Moosewala ਦੇ ਕਤਲ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਦੋ ਮੁਲਜ਼ਮਾਂ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਫੈਸਲੇ ਨਾਲ ਦੋਹਾਂ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਮਿਲੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਗਾਇਕ ਦੇ ਪਰਿਵਾਰ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋਵੇਂ ਮੁਲਜ਼ਮਾਂ ਨੇ ਜ਼ਮਾਨਤ ਲਈ ਅਰਜ਼ੀ ਹਾਈ ਕੋਰਟ ਵਿੱਚ ਦਾਇਰ ਕੀਤੀ ਸੀ, ਪਰ ਉਥੇ ਉਨ੍ਹਾਂ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਗਈ ਸੀ। ਉਸ ਸਮੇਂ ਦੋਵੇਂ ਮੁਲਜ਼ਮ ਪੰਜਾਬ ਦੀ ਗੋਬਿੰਦਗੜ੍ਹ ਜੇਲ੍ਹ ਵਿੱਚ ਬੰਦ ਸਨ। ਬਾਅਦ ਵਿੱਚ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ, ਜਿੱਥੇ ਹੁਣ ਅਦਾਲਤ ਨੇ ਉਨ੍ਹਾਂ ਨੂੰ ਸ਼ਰਤਾਂ ਦੇ ਨਾਲ ਜ਼ਮਾਨਤ ਦੇਣ ਦਾ ਹੁਕਮ ਦਿੱਤਾ ਹੈ।
ਮੌਜੂਦਾ ਸਮੇਂ ਇਹ ਮਾਮਲਾ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਇਸ ਦੌਰਾਨ ਕਈ ਗਵਾਹ ਅਦਾਲਤ ਵਿੱਚ ਆਪਣੀਆਂ ਗਵਾਹੀਆਂ ਦਰਜ ਕਰਵਾ ਚੁੱਕੇ ਹਨ ਅਤੇ ਗਾਇਕ ਦੇ ਪਿਤਾ Balkaur Singh ਦੀ ਗਵਾਹੀ ਵੀ ਜਾਰੀ ਹੈ। ਅਦਾਲਤ ਵੱਲੋਂ ਇਸ ਕੇਸ ਦੀ ਅਗਲੀ ਸੁਣਵਾਈ 20 ਮਾਰਚ 2026 ਨੂੰ ਤੈਅ ਕੀਤੀ ਗਈ ਹੈ।
ਦੱਸਣਯੋਗ ਹੈ ਕਿ Sidhu Moosewala ਦੀ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪਵਨ ਬਿਸ਼ਨੋਈ 'ਤੇ ਸ਼ੂਟਰਾਂ ਨੂੰ ਰਾਜਸਥਾਨ ਨੰਬਰ ਵਾਲੀ ਬੋਲੇਰੋ ਗੱਡੀ ਮੁਹੱਈਆ ਕਰਵਾਉਣ ਦਾ ਦੋਸ਼ ਹੈ, ਜਦਕਿ ਜਗਤਾਰ ਸਿੰਘ 'ਤੇ ਗਾਇਕ ਦੀ ਰੇਕੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।
Get all latest content delivered to your email a few times a month.