ਤਾਜਾ ਖਬਰਾਂ
ਕਿਸਾਨ ਭਵਨ ਵਿੱਚ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਮਜ਼ਦੂਰ ਮੋਰਚਾ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸੂਬੇ ਭਰ ਵਿੱਚ “ਸਾਮਰਾਜ ਵਿਰੋਧੀ ਦਿਨ” ਵਜੋਂ ਮਨਾਇਆ ਜਾਵੇਗਾ।
ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਤੋਂ ਇਲਾਵਾ ਏਟਕ, ਸੀਟੂ, ਦੋਧੀ ਡੈਅਰੀ ਯੂਨੀਅਨ, ਪੰਜਾਬ ਇਸਤਰੀ ਸਭਾ, ਬਿਜਲੀ ਵਿਭਾਗ ਦੇ ਜੁਆਇੰਟ ਫੋਰਮ, ਟੀਐਸਯੂ, ਜਲ ਸਪਲਾਈ, ਵੇਰਕਾ, ਆਈਟੀਆਈ, ਸਕਿਉਰਟੀ ਗਾਰਡ ਅਤੇ ਪਾਵਰਕੌਮ-ਟਰਾਂਸਕੋ ਦੇ ਠੇਕਾ ਮੁਲਾਜ਼ਮਾਂ ਸਮੇਤ ਕਈ ਸੰਸਥਾਵਾਂ ਦੇ ਆਗੂ ਸ਼ਾਮਲ ਹੋਏ। ਮੀਟਿੰਗ ਦੀ ਅਗਵਾਈ ਹਰਿੰਦਰ ਸਿੰਘ ਲੱਖੋਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਾਮਿੰਦਰ ਸਿੰਘ ਪਟਿਆਲਾ, ਬੰਤ ਬਰਾੜ, ਲਛਮਣ ਸੇਵੇਵਾਲਾ ਅਤੇ ਦੇਵੀ ਕੁਮਾਰੀ ਨੇ ਕੀਤੀ।
ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 23 ਮਾਰਚ ਨੂੰ ਪੰਜਾਬ ਭਰ ਵਿੱਚ ਸਮਾਗਮ ਕਰਕੇ ਲੋਕਾਂ ਨੂੰ ਸਾਮਰਾਜੀ ਨੀਤੀਆਂ ਦੇ ਖ਼ਿਲਾਫ਼ ਇਕੱਠਾ ਕੀਤਾ ਜਾਵੇਗਾ। ਇਸ ਸੰਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ 16 ਮਾਰਚ ਨੂੰ ਜ਼ਿਲ੍ਹਾ ਪੱਧਰ ’ਤੇ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਦੌਰਾਨ ਆਗੂਆਂ ਨੇ ਅਮਰੀਕਾ ਵੱਲੋਂ ਇਰਾਨ ’ਤੇ ਕੀਤੇ ਹਮਲਿਆਂ ਦੀ ਕੜੀ ਨਿੰਦਾ ਕੀਤੀ ਅਤੇ ਕਿਹਾ ਕਿ ਦੁਨੀਆ ਵਿੱਚ ਜੰਗੀ ਹਾਲਾਤ ਵਧ ਰਹੇ ਹਨ। ਉਨ੍ਹਾਂ ਦਾ ਦੋਸ਼ ਸੀ ਕਿ ਭਾਰਤ ਸਰਕਾਰ ਅਮਰੀਕਾ ਦੇ ਦਬਾਅ ਹੇਠ ਨੀਤੀਆਂ ਬਣਾਉਂਦੀ ਦਿਖਾਈ ਦੇ ਰਹੀ ਹੈ ਅਤੇ ਅਮਰੀਕਾ ਨਾਲ ਸੰਭਾਵਿਤ ਫਰੀ ਟ੍ਰੇਡ ਸਮਝੌਤਾ ਦੇਸ਼ ਦੀ ਆਰਥਿਕਤਾ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਆਗੂਆਂ ਨੇ ਇਹ ਵੀ ਕਿਹਾ ਕਿ ਮੱਧ ਪੂਰਬ ਵਿੱਚ ਜੰਗੀ ਹਾਲਾਤਾਂ ਕਾਰਨ ਤੇਲ ਅਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਮਹਿੰਗਾਈ ਵਧੇਗੀ ਅਤੇ ਇਸ ਦਾ ਸਿੱਧਾ ਅਸਰ ਆਮ ਲੋਕਾਂ ਅਤੇ ਖੇਤੀਬਾੜੀ ਉਤਪਾਦਨ ’ਤੇ ਪਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮੱਧ ਪੂਰਬ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਤੁਰੰਤ ਕਦਮ ਚੁੱਕੇ ਜਾਣ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਸਹਿਕਾਰੀ ਖੰਡ ਮਿੱਲ ਸੇਂਰੋ ਦੀ ਜ਼ਮੀਨ ਪੁੱਡਾ ਨੂੰ ਦੇਣ ਦੇ ਫੈਸਲੇ ਦਾ ਵੀ ਵਿਰੋਧ ਕੀਤਾ ਗਿਆ ਅਤੇ ਮਿੱਲ ਨੂੰ ਆਧੁਨਿਕ ਤਕਨੀਕ ਨਾਲ ਦੁਬਾਰਾ ਚਲਾਉਣ ਦੀ ਮੰਗ ਕੀਤੀ ਗਈ। ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਦੱਸਦਿਆਂ ਖੇਤੀਬਾੜੀ ਖੇਤਰ ਲਈ ਘੱਟ ਰਕਮ ਰੱਖਣ ਅਤੇ ਮਨਰੇਗਾ ਲਈ ਪ੍ਰਬੰਧ ਨਾ ਹੋਣ ’ਤੇ ਵੀ ਸਵਾਲ ਉਠਾਏ।
ਮੀਟਿੰਗ ਵਿੱਚ ਹੋਰ ਕਈ ਮੌਜੂਦਾ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ ਅਤੇ ਸੰਘਰਸ਼ੀ ਆਗੂਆਂ ਦੀ ਰਿਹਾਈ ਦੀ ਮੰਗ ਵੀ ਦੁਹਰਾਈ ਗਈ।
Get all latest content delivered to your email a few times a month.