ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੈਦਰਾਬਾਦ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਬਰਮਬਾਲਾ ਨਾਲ ਸੰਬੰਧਿਤ ਜ਼ਮੀਨ ’ਤੇ ਸਥਾਨਕ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਕਾਰਵਾਈ ’ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਪੁਰਾਤਨ ਸਮੇਂ ਤੋਂ ਮਿਲੀ ਹੋਈ ਜ਼ਮੀਨ ’ਤੇ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਨਾ ਸਿਰਫ਼ ਗਲਤ ਹੈ, ਸਗੋਂ ਇਹ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਵੀ ਹੈ।
ਧਾਮੀ ਨੇ ਕਿਹਾ ਕਿ ਗੁਰਦੁਆਰੇ ਸਿੱਖ ਕੌਮ ਲਈ ਸਿਰਫ਼ ਇਮਾਰਤ ਨਹੀਂ ਹੁੰਦੇ, ਬਲਕਿ ਇਹ ਸੰਗਤ ਦੀ ਆਸਥਾ, ਵਿਸ਼ਵਾਸ ਅਤੇ ਰੂਹਾਨੀ ਜੀਵਨ ਦਾ ਕੇਂਦਰ ਹਨ। ਇਸ ਲਈ ਕਿਸੇ ਵੀ ਪ੍ਰਸ਼ਾਸਕੀ ਕਾਰਵਾਈ ਦੇ ਨਾਂ ’ਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ’ਤੇ ਜਬਰਦਸਤੀ ਦਖ਼ਲਅੰਦਾਜ਼ੀ ਕਰਨਾ ਬਿਲਕੁਲ ਵੀ ਕਬੂਲਯੋਗ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਧੱਕੇਸ਼ਾਹੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ’ਤੇ ਸਿੱਧਾ ਅਸਰ ਪਾਂਦੀ ਹੈ ਅਤੇ ਇਸਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ’ਚ ਤੁਰੰਤ ਦਖ਼ਲ ਦਿੱਤਾ ਜਾਵੇ ਅਤੇ ਸੂਬਾ ਸਰਕਾਰ ਨੂੰ ਆਦੇਸ਼ ਕਰਕੇ ਗੁਰਦੁਆਰਾ ਬਰਮਬਾਲਾ ਦੀ ਜਗ੍ਹਾ ’ਤੇ ਕੀਤੀ ਜਾ ਰਹੀ ਕਬਜ਼ੇ ਦੀ ਕਾਰਵਾਈ ਨੂੰ ਤੁਰੰਤ ਰੋਕਿਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਸਥਾਨਕ ਸੰਗਤਾਂ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ’ਚ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜੀ ਹੈ ਅਤੇ ਸਿੱਖ ਸੰਸਥਾ ਦੁਨੀਆ ਭਰ ਦੀ ਸੰਗਤ ਦੇ ਸਹਿਯੋਗ ਨਾਲ ਹਰ ਤਰ੍ਹਾਂ ਦੀ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕਰੇਗੀ।
Get all latest content delivered to your email a few times a month.