ਤਾਜਾ ਖਬਰਾਂ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਗਾਇਕ ਆਰ. ਨੈਤ (R Nait) ਆਪਣੇ ਤਾਜ਼ਾ ਰਿਲੀਜ਼ ਹੋਏ ਗੀਤ ‘ਰੀਲ’ (Reel) ਦੇ ਫ਼ਿਲਮਾਂਕਣ ਨੂੰ ਲੈ ਕੇ ਵੱਡੇ ਵਿਵਾਦ ਵਿੱਚ ਫਸ ਗਏ ਹਨ। ਹਿੰਦੂ ਜਥੇਬੰਦੀ 'ਸ਼ਿਵਸੈਨਾ ਪੰਜਾਬ' ਨੇ ਇਸ ਗੀਤ ਦੇ ਵੀਡੀਓ 'ਤੇ ਤਿੱਖਾ ਇਤਰਾਜ਼ ਜਤਾਇਆ ਹੈ। ਸੰਗਠਨ ਦਾ ਦੋਸ਼ ਹੈ ਕਿ ਗਾਇਕ ਨੇ ਆਪਣੇ ਵੀਡੀਓ ਵਿੱਚ ਸਨਾਤਨ ਧਰਮ ਦੇ ਪਵਿੱਤਰ ਪ੍ਰਤੀਕਾਂ ਅਤੇ ਹਿੰਦੂ ਸਾਧੂ-ਸੰਤਾਂ ਨੂੰ ਬੇਹੱਦ ਇਤਰਾਜ਼ਯੋਗ ਤਰੀਕੇ ਨਾਲ ਪੇਸ਼ ਕੀਤਾ ਹੈ, ਜਿਸ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੇ ਕਰੋੜਾਂ ਹਿੰਦੂਆਂ ਦੀ ਆਸਥਾ ਨੂੰ ਡੂੰਘੀ ਸੱਟ ਵੱਜੀ ਹੈ।
ਇਸ ਮਾਮਲੇ ਨੂੰ ਲੈ ਕੇ ਸ਼ਿਵਸੈਨਾ ਦੇ ਆਗੂਆਂ ਨੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 3 ਵਿਖੇ ਗਾਇਕ ਆਰ. ਨੈਤ ਖ਼ਿਲਾਫ਼ ਲਿਖਤੀ ਸ਼ਿਕਾਇਤ ਸੌਂਪੀ ਹੈ ਅਤੇ ਉਨ੍ਹਾਂ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਸਥਾਨਕ ਪੁਲਿਸ ਪ੍ਰਸ਼ਾਸਨ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਵਿਵਾਦਿਤ ਗੀਤ ਦੀ ਵੀਡੀਓ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸ਼ਿਵਸੈਨਾ ਪੰਜਾਬ ਦੇ ਪ੍ਰਧਾਨ ਵਨੀਤ ਦੁਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਸਿਰਫ਼ ਵਾਹ-ਵਾਹੀ ਅਤੇ ਵਿਊਜ਼ (Views) ਬਟੋਰਨ ਲਈ ਸਾਡੀ ਸਦੀਆਂ ਪੁਰਾਣੀ ਸੰਤ ਪ੍ਰੰਪਰਾ ਨੂੰ 'ਪਾਖੰਡ ਅਤੇ ਵਪਾਰ' ਵਜੋਂ ਪੇਸ਼ ਕਰਨਾ ਬੇਹੱਦ ਨਿੰਦਣਯੋਗ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਹਿੰਦੂ ਆਗੂਆਂ ਦਾ ਤਰਕ ਹੈ ਕਿ ਸਨਾਤਨ ਧਰਮ ਵਿੱਚ ਭਗਵਾ ਚੋਲਾ, ਰੁਦਰਾਕਸ਼ ਦੀ ਮਾਲਾ ਅਤੇ ਮੱਥੇ 'ਤੇ ਤਿਲਕ ਵੈਰਾਗ, ਤਿਆਗ ਅਤੇ ਉੱਚੀ ਤਪੱਸਿਆ ਦੇ ਪ੍ਰਤੀਕ ਮੰਨੇ ਜਾਂਦੇ ਹਨ। ਗੀਤ ਦੇ ਵੀਡੀਓ ਵਿੱਚ ਇਨ੍ਹਾਂ ਪਵਿੱਤਰ ਚੀਜ਼ਾਂ ਨੂੰ ਚਮਕੀਲੀਆਂ ਜੈਕੇਟਾਂ ਅਤੇ ਅਜੀਬੋ-ਗਰੀਬ ਡਾਂਸ ਸਟੈੱਪਸ (Dance Steps) ਨਾਲ ਜੋੜ ਕੇ ਇੱਕ ਸਸਤੇ 'ਪੌਪ ਕਲਚਰ' ਦਾ ਹਿੱਸਾ ਬਣਾਇਆ ਗਿਆ ਹੈ, ਜੋ ਸਿੱਧੇ ਤੌਰ 'ਤੇ ਆਸਥਾ ਨਾਲ ਖਿਲਵਾੜ ਹੈ। ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਾਇਕ ਖ਼ਿਲਾਫ਼ ਤੁਰੰਤ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਤੇਜ਼ ਕਰਨਗੇ।
Get all latest content delivered to your email a few times a month.