ਤਾਜਾ ਖਬਰਾਂ
ਲੁਧਿਆਣਾ - ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ, ਖੰਨਾ ਵਿੱਚ ਸਥਿਤ ਇੱਕ ਹੋਟਲ ਵਿੱਚ ਚੱਲ ਰਹੇ ਸੱਟੇ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਮੰਗਲਵਾਰ ਨੂੰ ਪੁਲਸ ਨੇ ਛਾਪਾ ਮਾਰ ਕੇ 32 ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ 6 ਲੋਕ ਇਸ ਰੈਕੇਟ ਦੇ ਮੁੱਖ ਸੰਚਾਲਕ ਹਨ।
ਫੜੇ ਗਏ ਮੁਲਜ਼ਮਾਂ ਵਿੱਚ ਪੰਜਾਬ ਦੇ ਦੋ ਨਾਮੀ ਸੱਟੇਬਾਜ਼ ਹਰਸਿਮਰਨ ਸਿੰਘ ਰੌਕੀ ਉਰਫ਼ ਬਾਬਾ ਬੁੱਕੀ ਅਤੇ ਸੁਰਜੀਤ ਸਿੰਘ ਉਰਫ਼ ਪੰਮਾ ਓਬਰਾਏ ਸ਼ਾਮਲ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਦਾ ਨੈੱਟਵਰਕ ਵਿਦੇਸ਼ਾਂ ਤੱਕ ਫੈਲਿਆ ਹੋਇਆ ਹੈ। ਮੁਲਜ਼ਮਾਂ ਦੇ ਮੋਬਾਈਲਾਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ।
ਐਸਪੀ ਪਵਨਜੀਤ ਅਨੁਸਾਰ ਹੋਟਲ ਮਾਲਕ ਵਰਿੰਦਰਜੀਤ ਸਿੰਘ ਸਮੇਤ 33 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਂਚ ਤੋਂ ਬਾਅਦ 26 ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ ਹੈ। ਬਾਕੀ 7 ਦੋਸ਼ੀਆਂ 'ਤੇ ਧੋਖਾਧੜੀ ਦੀਆਂ ਗੈਰ-ਜ਼ਮਾਨਤੀ ਧਾਰਾਵਾਂ ਲਗਾਈਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਛੇ ਮੁੱਖ ਮੁਲਜ਼ਮਾਂ ਹਰਸਿਮਰਨ ਸਿੰਘ ਰੌਕੀ, ਸੁਰਜੀਤ ਸਿੰਘ ਪੰਮਾ, ਵਰਿੰਦਰ ਬੇਦੀ ਸੰਨੀ, ਹਰਮੀਤ ਰਿਪਸੀ, ਸਤੀਸ਼ ਕੁਮਾਰ ਐਸਕੇ ਅਤੇ ਸੁਨੀਲ ਕੁਮਾਰ ਬਿੱਟੂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਹੋਟਲ ਮਾਲਕ ਅਜੇ ਫਰਾਰ ਹੈ।
ਪੁਲਿਸ ਨੇ ਛਾਪੇਮਾਰੀ ਦੌਰਾਨ 11.95 ਲੱਖ ਰੁਪਏ ਨਕਦ, 90 ਅਮਰੀਕੀ ਡਾਲਰ, 6 ਮੋਬਾਈਲ ਫ਼ੋਨ ਅਤੇ 6.37 ਲੱਖ ਰੁਪਏ ਦੀ ਕਰੰਸੀ ਚਿਪਸ ਬਰਾਮਦ ਕੀਤੀ ਹੈ। ਇਹ ਚਿਪਸ ਜੂਏਬਾਜ਼ਾਂ ਨੇ ਖੁਦ ਬਣਾਈਆਂ ਸਨ, ਜਿਨ੍ਹਾਂ ਨੂੰ ਉਹ ਟੋਕਨ ਵਜੋਂ ਵਰਤਦੇ ਸਨ।
Get all latest content delivered to your email a few times a month.