ਤਾਜਾ ਖਬਰਾਂ
ਪੰਜਾਬ ਸਰਕਾਰ ਨੇ ਖੇਤੀਬਾੜੀ ਵਿੱਚ ਟਿਕਾਊ ਢੰਗ ਨੂੰ ਵਧਾਵਾ ਦੇਣ ਅਤੇ ਧਰਤੀ ਹੇਠਲੇ ਪਾਣੀ ਦੀ ਬਚਤ ਲਈ ਸਾਉਣੀ ਸੀਜ਼ਨ 2025 'ਚ 5 ਲੱਖ ਏਕੜ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਅਧੀਨ ਲਿਆਉਣ ਦਾ ਟੀਚਾ ਰੱਖਿਆ ਹੈ, ਜੋ 15 ਮਈ ਤੋਂ ਸ਼ੁਰੂ ਹੋਵੇਗੀ। ਇਸ ਤਕਨੀਕ ਦੇ ਨਾਲ ਕਿਸਾਨ 15-20% ਪਾਣੀ ਦੀ ਬਚਤ ਕਰ ਸਕਣਗੇ ਅਤੇ ਮਜ਼ਦੂਰੀ ਲਾਗਤ ਵੀ ਲਗਭਗ 3500 ਰੁਪਏ ਪ੍ਰਤੀ ਏਕੜ ਘਟੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਯੋਜਨਾ ਲਈ 2025-26 ਦੇ ਬਜਟ ਵਿੱਚ 40 ਕਰੋੜ ਰੁਪਏ ਰਾਖਵੇਂ ਕੀਤੇ ਹਨ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। 2024 ਵਿੱਚ 2.53 ਲੱਖ ਏਕੜ ਰਕਬੇ 'ਤੇ ਇਹ ਤਕਨੀਕ ਵਰਤੀ ਗਈ ਜੋ ਪਿਛਲੇ ਸਾਲ ਨਾਲੋਂ 47% ਵੱਧ ਹੈ ਅਤੇ 21,338 ਕਿਸਾਨਾਂ ਨੂੰ 29.02 ਕਰੋੜ ਰੁਪਏ ਦੀ ਮਦਦ ਮਿਲੀ। ਕਿਸਾਨ 10 ਮਈ ਤੋਂ 30 ਜੂਨ ਤੱਕ agrimachinerypb.com ਤੇ ਰਜਿਸਟਰ ਕਰ ਸਕਦੇ ਹਨ ਅਤੇ ਬਾਸਮਤੀ ਸਮੇਤ ਫਸਲ ਦੀ ਤਸਦੀਕ 1 ਜੁਲਾਈ ਤੋਂ 15 ਜੁਲਾਈ 2025 ਤੱਕ ਕੀਤੀ ਜਾਵੇਗੀ। ਇਸ ਤਕਨੀਕ ਨਾਲ ਨਾ ਸਿਰਫ਼ ਖੇਤੀਬਾੜੀ ਦੀ ਪ੍ਰਗਤੀ ਹੋਵੇਗੀ, ਸਗੋਂ ਪਾਣੀ ਦੀ ਘਾਟ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ, ਜਿਸ ਨਾਲ ਪੰਜਾਬ ਦੀ ਧਰਤੀ ਦੀ ਸਿਹਤ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਦੋਹਾਂ ਵਿੱਚ ਸੁਧਾਰ ਆਏਗਾ।
Get all latest content delivered to your email a few times a month.