ਤਾਜਾ ਖਬਰਾਂ
ਬੀਕਾਨੇਰ, 22 ਮਈ: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਕਾਨੇਰ ਵਿਚ ਇੱਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਵਿਚ ਚਲ ਰਹੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਦੁਨੀਆ ਹੈਰਾਨ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਅੱਜ ਇੱਕ ਅਜਿਹਾ ਦੌਰ ਸ਼ੁਰੂ ਕੀਤਾ ਹੈ ਜਿੱਥੇ ਉਹ ਸਿਰਫ ਆਪਣੇ ਹਿੱਤਾਂ ਦੀ ਹੀ ਨਹੀਂ, ਸਗੋਂ ਦੁਨੀਆ ਦੇ ਭਲੇ ਦੀ ਵੀ ਸੋਚ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਦੇ 7 ਵਫ਼ਦ ਪੂਰੀ ਦੁਨੀਆ ਵਿਚ ਭੇਜੇ ਜਾ ਰਹੇ ਹਨ, ਜੋ ਕਿ ਪਾਕਿਸਤਾਨ ਨੂੰ ਉਸ ਦੇ ਅਸਲੀ ਚਿਹਰੇ ਸਮੇਤ ਦੁਨੀਆ ਅੱਗੇ ਪੇਸ਼ ਕਰਨਗੇ। ਇਹ ਵਫ਼ਦ ਦੇਸ਼ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਮੈਂਬਰਾਂ ਅਤੇ ਵਿਦੇਸ਼ ਨੀਤੀ ਦੇ ਮਾਹਰਾਂ ਦੇ ਰੂਪ ਵਿੱਚ ਹੋਣਗੇ। ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਅੱਤਵਾਦੀ ਹਮਲਿਆਂ ਦੀ ਭਾਰੀ ਕੀਮਤ ਉਸ ਦੀ ਫੌਜ ਅਤੇ ਆਰਥਿਕਤਾ ਨੂੰ ਅਦਾ ਕਰਨੀ ਪਵੇਗੀ।
ਪ੍ਰਧਾਨ ਮੰਤਰੀ ਨੇ ਆਪਣੀ ਬੀਕਾਨੇਰ ਯਾਤਰਾ ਬਾਰੇ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਨਲ ਏਅਰਬੇਸ ਉੱਤੇ ਉਤਰੇ ਸਨ, ਜਿਸ ਨੂੰ ਪਾਕਿਸਤਾਨ ਨੇ ਪਿਛਲੇ ਸਮੇਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ, ਉਹ ਇਸ ਏਅਰਬੇਸ ਨੂੰ ਰਤਾ ਭੀ ਨੁਕਸਾਨ ਨਹੀਂ ਪਹੁੰਚਾ ਸਕੇ। ਉਨ੍ਹਾਂ ਇਸ ਨਾਲ ਤੁਲਨਾ ਕਰਦਿਆਂ ਕਿਹਾ ਕਿ ਪਾਕਿਸਤਾਨ ਦਾ ਰਹੀਮਯਾਰ ਖਾਨ ਏਅਰਬੇਸ ਲੰਬੇ ਸਮੇਂ ਤੋਂ ਬੰਦ ਪਿਆ ਹੈ ਅਤੇ ਇਹ ਅਜੇ ਤੱਕ ਆਈ.ਸੀ.ਯੂ. ਵਿੱਚ ਪਿਆ ਹੈ।
ਮੋਦੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਭਾਰਤ ਹੁਣ ਪਾਕਿਸਤਾਨ ਨਾਲ ਗੱਲਬਾਤ ਸਿਰਫ ਦੋ ਮੁੱਦਿਆਂ ਤੇ ਹੀ ਕਰੇਗਾ – ਇੱਕ, ਪੀ.ਓ.ਕੇ. (ਪਾਕਿਸਤਾਨ ਅਧੀਨ ਕਸ਼ਮੀਰ) ਅਤੇ ਦੂਜਾ, ਅੱਤਵਾਦ। ਜੇਕਰ ਪਾਕਿਸਤਾਨ ਅੱਤਵਾਦੀਆਂ ਨੂੰ ਸਹਾਰਾ ਦੇਣਾ ਜਾਰੀ ਰੱਖਦਾ ਹੈ, ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਭਾਰਤ ਨੇ ਇਹ ਵੀ ਸਪਸ਼ਟ ਕੀਤਾ ਕਿ ਪਾਕਿਸਤਾਨ ਨੂੰ ਭਾਰਤ ਦੇ ਪਾਣੀ 'ਚੋਂ ਆਪਣਾ ਹਿੱਸਾ ਨਹੀਂ ਮਿਲੇਗਾ।
ਉਨ੍ਹਾਂ ਅਖੀਰ ਵਿਚ ਕਿਹਾ ਕਿ ਭਾਰਤੀਆਂ ਦੇ ਖੂਨ ਨਾਲ ਖੇਡਣ ਦੀ ਕੋਸ਼ਿਸ਼ ਕਰਨ ਵਾਲੇ ਹਰ ਹਮਲਾਵਰ ਨੂੰ ਕਰਾਰਾ ਜਵਾਬ ਮਿਲੇਗਾ ਅਤੇ ਇਹ ਭਾਰਤ ਦੀ ਪੱਕੀ ਨੀਤੀ ਅਤੇ ਇਰਾਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਦੁਨੀਆ ਦੀ ਕੋਈ ਵੀ ਤਾਕਤ ਭਾਰਤ ਨੂੰ ਇਸ ਰਸਤੇ ਤੋਂ ਹਟਾ ਨਹੀਂ ਸਕਦੀ।
Get all latest content delivered to your email a few times a month.