ਤਾਜਾ ਖਬਰਾਂ
ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ, ਜਿੱਥੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡ ਨਾਲ ਸੰਬੰਧਤ 32 ਸਾਲਾ ਇੰਦਰਪਾਲ ਸਿੰਘ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੰਦਰਪਾਲ ਪਿਛਲੇ ਡੇਢ ਸਾਲ ਤੋਂ ਕੈਨੇਡਾ ਵਿੱਚ ਊਬਰ ਟੈਕਸੀ ਚਲਾਉਂਦਾ ਸੀ।
ਇਹ ਹਾਦਸਾ ਐਡਮਿੰਟਨ ਦੇ ਦੱਖਣ-ਪੱਛਮੀ ਹਿੱਸੇ ਵਿੱਚ ਰਾਤ ਦੇ ਸਮੇਂ ਵਾਪਰਿਆ, ਜਦੋਂ ਇੰਦਰਪਾਲ ਆਪਣੀ ਟੈਕਸੀ ਘਰ ਦੇ ਬਾਹਰ ਲਾਕ ਕਰ ਰਿਹਾ ਸੀ। ਉਨ੍ਹਾਂ ਦੇ ਦੋਸਤ ਦੇ ਬਿਆਨ ਮੁਤਾਬਕ, ਜਿਵੇਂ ਹੀ ਉਹ ਟੈਕਸੀ ਖੜ੍ਹੀ ਕਰਕੇ ਘਰ ਵੱਲ ਵਧਿਆ, ਤਿਵੇਂ ਕੁਝ ਅਣਜਾਣੇ ਵਿਅਕਤੀਆਂ ਨੇ ਉਸ ‘ਤੇ ਚਾਰ ਗੋਲੀਆਂ ਚਲਾਈਆਂ। ਇੰਦਰਪਾਲ ਨੂੰ ਗੰਭੀਰ ਜ਼ਖਮ ਲੱਗੇ ਅਤੇ ਮੈਡੀਕਲ ਰਿਪੋਰਟ ਦੇ ਅਨੁਸਾਰ ਉਸ ਦੀ ਮੌਤ ਮੌਕੇ 'ਤੇ ਹੀ ਹੋ ਗਈ।
ਇੰਦਰਪਾਲ ਆਪਣੇ ਪਿੱਛੇ ਪਤਨੀ, 8 ਸਾਲ ਦੀ ਧੀ ਅਤੇ ਮਾਂ ਨੂੰ ਛੱਡ ਗਿਆ ਹੈ। ਉਸ ਦੀ ਪਤਨੀ ਇਸ ਵੇਲੇ ਗਰਭਵਤੀ ਹੈ। ਉਹ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਹੀ ਰਹਿ ਰਿਹਾ ਸੀ। ਇੰਦਰਪਾਲ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਪਤਨੀ ਨੂੰ ਵਰਕ ਪਰਮਿਟ ‘ਤੇ ਕੈਨੇਡਾ ਬੁਲਾਇਆ ਸੀ।
ਉਸਦੇ ਮਾਤਾ-ਪਿਤਾ ਵੀ ਜਨਵਰੀ 2025 ਵਿੱਚ ਵਿਜ਼ਟਰ ਵੀਜ਼ੇ 'ਤੇ ਕੈਨੇਡਾ ਆਏ ਸਨ, ਪਰ ਇੰਦਰਪਾਲ ਦੇ ਪਿਤਾ ਦੀ ਮੌਤ ਵੀ ਜਨਵਰੀ ਵਿੱਚ ਹੀ ਹੋ ਗਈ ਸੀ। ਹੁਣ ਇਸ ਹੱਤਿਆ ਨਾਲ ਪਰਿਵਾਰ ਇੱਕ ਵਾਰ ਫਿਰ ਦੁੱਖ ਦੇ ਡੂੰਘੇ ਸਾਗਰ ਵਿੱਚ ਡੁੱਬ ਗਿਆ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ। ਕੈਨੇਡਾ 'ਚ ਵਧ ਰਹੀ ਹਿੰਸਾ ਅਤੇ ਮਾਈਗ੍ਰੈਂਟ ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਇਹ ਘਟਨਾ ਸਵਾਲ ਖੜੇ ਕਰ ਰਹੀ ਹੈ।
Get all latest content delivered to your email a few times a month.