ਤਾਜਾ ਖਬਰਾਂ
ਅੰਮ੍ਰਿਤਸਰ: ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਟੈਰਰਿਸਟ ਫਰੰਟ ਦੇ ਰਾਸ਼ਟਰੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਦੀਪਿਕਾ ਲੂਥਰਾ ਨੂੰ ਮਿਲਣ ਆਏ ਸਨ, ਪਰ ਉਸਦੇ ਪਰਿਵਾਰ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਉਨ੍ਹਾਂ ਅਨੁਮਾਨ ਲਾਇਆ ਕਿ ਪਰਿਵਾਰ ਡਰ ਅਤੇ ਦਬਾਅ ਹੇਠ ਹੈ। ਉਨ੍ਹਾਂ ਆਰੋਪ ਲਾਇਆ ਕਿ ਕਮਲ ਕੌਰ ਭਾਬੀ ਦੀ ਮੌਤ ਧੋਖੇ ਨਾਲ ਹੋਈ ਅਤੇ ਇਸ ਮਾਮਲੇ ਦੀ ਨਿਆਂਪੂਰਕ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਆਗ੍ਰਹ ਕੀਤਾ ਕਿ ਜੇਕਰ ਕਿਸੇ ਨੂੰ ਵਿੱਤੀ ਮਦਦ ਦੀ ਲੋੜ ਹੈ, ਤਾਂ ਉਹ ਮੁਹੱਈਆ ਕਰਵਾਈ ਜਾ ਸਕਦੀ ਹੈ, ਪਰ ਕਾਨੂੰਨ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਸੋਸ਼ਲ ਮੀਡੀਆ 'ਤੇ ਭੜਕਾਊ ਜਾਂ ਅਸ਼ਲੀਲ ਸਮੱਗਰੀ ਪੋਸਟ ਕਰਨ ਵਾਲਿਆਂ ਨੂੰ ਵੀ ਪਿਆਰ ਨਾਲ ਸਮਝਾਇਆ ਜਾ ਸਕਦਾ ਹੈ, ਨਾ ਕਿ ਉਨ੍ਹਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਤੱਤਾਂ ਤੋਂ ਡਰਨ ਦੀ ਲੋੜ ਨਹੀਂ ਅਤੇ ਕਾਨੂੰਨੀ ਰਾਹੀਂ ਹੀ ਉਨ੍ਹਾਂ ਦਾ ਸਾਹਮਣਾ ਕੀਤਾ ਜਾਵੇਗਾ।
ਉਨ੍ਹਾਂ ਜਥੇਦਾਰਾਂ ਨੂੰ ਸੱਦਾ ਦਿੱਤਾ ਕਿ ਜਿਵੇਂ ਰਾਜੋਆਣਾ ਵਰਗੇ ਅੱਤਵਾਦੀਆਂ ਲਈ ਹਮਦਰਦੀ ਦਿਖਾਈ ਜਾਂਦੀ ਹੈ, ਉਵੇਂ ਹੀ ਮਜ਼ਲੂਮ ਕੁੜੀਆਂ ਦੀ ਵੀ ਖੁਲ੍ਹ ਕੇ ਮਦਦ ਕੀਤੀ ਜਾਵੇ। ਜੋ ਨਿਆਂ ਦੀ ਮੰਗ ਕਰ ਰਹੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਗੁਰੂ ਰਾਮਦਾਸ ਜੀ ਦੀ ਪਵਿੱਤਰ ਧਰਤੀ 'ਤੇ ਪੰਜਾਬ ਦੀ ਭਲਾਈ ਲਈ ਅਰਦਾਸ ਕਰਨ ਆਏ ਹਾਂ। ਜਿਵੇਂ ਪੁਰਾਣੇ ਸਮਿਆਂ ਵਿੱਚ ਗੁਰੂ ਸਾਹਿਬਾਂ ਨੇ ਸਾਡੀ ਰੱਖਿਆ ਕੀਤੀ, ਅਸੀਂ ਵੀ ਅੱਜ ਦੇ ਸਮੇਂ ਵਿੱਚ ਧਰਮ ਅਤੇ ਨਿਆਂ ਦੀ ਰਾਖੀ ਲਈ ਸੱਚ ਦੀ ਆਵਾਜ਼ ਬਣਾਂਗੇ।
ਗੁਰਸਿਮਰਨ ਮੰਡ ਨੇ ਅਖੀਰ 'ਚ ਕਿਹਾ ਕਿ ਉਹ ਡਰ ਕੇ ਨਹੀਂ ਰੁਕਣ ਵਾਲੇ। ਉਨ੍ਹਾਂ ਸਿੱਧਾ ਸੰਦੇਸ਼ ਦਿੱਤਾ ਕਿ ਜੋ ਕੁਝ ਵੀ ਬੱਬਰ ਖਾਲਸਾ ਕਰਨਾ ਚਾਹੇ, ਕਰ ਲਵੇ – ਉਹ ਇੱਥੇ ਡਟ ਕੇ ਖੜ੍ਹੇ ਹਨ, ਉਹ ਸੱਚ ਦੇ ਨਾਲ ਖੜੇ ਹਨ ਅਤੇ ਪੰਜਾਬ ਵਿੱਚ ਅਮਨ-ਚੈਨ ਨੂੰ ਕਾਇਮ ਰੱਖਣ ਲਈ ਆਪਣੀ ਲੜਾਈ ਜਾਰੀ ਰੱਖਣਗੇ।
Get all latest content delivered to your email a few times a month.