ਤਾਜਾ ਖਬਰਾਂ
ਚੰਡੀਗੜ੍ਹ, 20 ਜੂਨ 2025 – ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਸੋਸ਼ਲ ਮੀਡੀਆ 'ਤੇ ਵਧ ਰਹੀ ਅਣਚਾਹੀ ਅਤੇ ਖ਼ਤਰਨਾਕ ਸਮੱਗਰੀ 'ਤੇ ਗੰਭੀਰ ਚਿੰਤਾ ਜਤਾਈ ਹੈ। ਕਮਿਸ਼ਨ ਨੇ ਇੱਕ ਅਧਿਕਾਰਕ ਪੱਤਰ ਰਾਹੀਂ ਸੂਚਿਤ ਕੀਤਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਫੇਸਬੁੱਕ, ਇੰਸਟਾਗ੍ਰਾਮ ਆਦਿ ਪਲੇਟਫਾਰਮਾਂ 'ਤੇ ਅਜਿਹੇ ਵੀਡੀਓਜ਼ ਵਾਇਰਲ ਹੋ ਰਹੇ ਹਨ ਜੋ ਗਾਲੀ-ਗਲੋਚ, ਨਸ਼ਾ, ਬੰਦੂਕ ਸੱਭਿਆਚਾਰ ਅਤੇ ਦੋਹਰੇ ਅਰਥਾਂ ਵਾਲੀ ਭਾਸ਼ਾ ਨੂੰ ਉਤਸ਼ਾਹਿਤ ਕਰ ਰਹੇ ਹਨ। ਇਹ ਵੀਡੀਓਜ਼ ਨਾਂ ਸਿਰਫ਼ ਸਮਾਜਕ ਤਾਣਬਾਣੇ ਲਈ ਹਾਨਿਕਾਰਕ ਹਨ, ਬਲਕਿ ਵਿਸ਼ੇਸ਼ ਕਰਕੇ ਨੌਜਵਾਨਾਂ ਅਤੇ ਬੱਚਿਆਂ ਦੇ ਮਨੋਵਿਗਿਆਨ ਤੇ ਵੀ ਮਾੜਾ ਪ੍ਰਭਾਵ ਪਾ ਰਹੇ ਹਨ।
ਕਮਿਸ਼ਨ ਨੇ ਇਹ ਵੀ ਦਰਸਾਇਆ ਕਿ ਇਨ੍ਹਾਂ ਵੀਡੀਓਜ਼ ਦੀ ਵਧ ਰਹੀ ਚਰਚਾ ਕਾਰਨ ਜਿਹੜੇ ਬੱਚੇ ਪਹਿਲਾਂ ਇਹ ਸਮੱਗਰੀ ਨਹੀਂ ਦੇਖਦੇ ਸਨ, ਹੁਣ ਉਹ ਵੀ ਉਨ੍ਹਾਂ ਵੱਲ ਆਕਰਸ਼ਿਤ ਹੋ ਰਹੇ ਹਨ। ਚਿੰਤਾ ਦੀ ਗੱਲ ਇਹ ਵੀ ਹੈ ਕਿ ਅਜਿਹੇ ਅਖੌਤੀ ਪ੍ਰਭਾਵਸ਼ਾਲੀ ਲੋਕਾਂ ਦੇ ਫਾਲੋਅਰਜ਼ ਵਿੱਚ ਹਾਲ ਹੀ ਵਿੱਚ ਵਾਧਾ ਹੋਇਆ ਹੈ, ਜਿਸ ਵਿੱਚ ਵੱਡੀ ਗਿਣਤੀ ਬੱਚਿਆਂ ਦੇ ਹੋਣ ਦੀ ਸੰਭਾਵਨਾ ਹੈ। ਇਸ ਸੰਬੰਧ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਪੰਡਿਤ ਰਾਓ ਧਰਣਵਰ ਵੱਲੋਂ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪੱਤਰ ਵਿੱਚ ਕਮਿਸ਼ਨ ਵੱਲੋਂ ਕੁਝ ਅਹੰਮ ਸਿਫਾਰਸ਼ਾਂ ਵੀ ਕੀਤੀਆਂ ਗਈਆਂ ਹਨ: ਅਜਿਹੀ ਸਮੱਗਰੀ ਨੂੰ ਤੁਰੰਤ ਹਟਾਉਣ ਅਤੇ ਪਾਬੰਦੀ ਲਗਾਉਣ ਲਈ ਕਾਰਵਾਈ ਕੀਤੀ ਜਾਵੇ, ਨਿਗਰਾਨੀ ਲਈ ਨੋਡਲ ਅਫਸਰ ਦੀ ਨਿਯੁਕਤੀ ਕੀਤੀ ਜਾਵੇ, ਅਤੇ ਜੇਕਰ ਵਿਦੇਸ਼ ਤੋਂ ਸਮੱਗਰੀ ਅਪਲੋਡ ਕੀਤੀ ਜਾਵੇ, ਤਾਂ ਉਨ੍ਹਾਂ ਸਾਈਟਾਂ ਉੱਤੇ ਵੀ ਪਾਬੰਦੀ ਲਾਈ ਜਾਵੇ। ਉੱਪਰੋਕਤ ਨਿਯਮਾਂ ਦੇ ਤਹਿਤ ਸਮੱਗਰੀ ਅਪਲੋਡ ਕਰਨ ਵਾਲਿਆਂ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ। ਕਮਿਸ਼ਨ ਨੇ 15 ਦਿਨਾਂ ਦੇ ਅੰਦਰ ਅਮਲਬੰਦੀ ਦੀ ਰਿਪੋਰਟ ਮੰਗੀ ਹੈ।
Get all latest content delivered to your email a few times a month.