ਤਾਜਾ ਖਬਰਾਂ
ਕੈਨੇਡਾ ਵਿੱਚ ਆਪਣੀ ਮਿਹਨਤ ਅਤੇ ਸਮਰਪਣ ਦੇ ਬਲ 'ਤੇ ਪੰਜਾਬੀ ਨੌਜਵਾਨ ਸ਼ਮਨੀਤ ਰਾਣਾ ਨੇ ਕਾਮਯਾਬੀ ਦੀ ਨਵੀਂ ਉਡਾਣ ਭਰੀ ਹੈ। ਗੜ੍ਹਸ਼ੰਕਰ ਦੇ ਪਿੰਡ ਕਾਲੇਵਾਲ ਬੀਤ ਤੋਂ ਸਬੰਧਤ 23 ਸਾਲਾ ਸ਼ਮਨੀਤ ਹੁਣ ਕੈਨੇਡਾ ਵਿੱਚ ਯੂਥ ਸਰਵਿਸ ਅਫਸਰ ਵਜੋਂ ਤਾਇਨਾਤ ਹੋ ਗਿਆ ਹੈ। ਉਸਦੀ ਇਸ ਉਪਲਬਧੀ ਨੇ ਨਾ ਸਿਰਫ਼ ਉਸਦੇ ਪਰਿਵਾਰ ਨੂੰ, ਸਗੋਂ ਪੂਰੇ ਇਲਾਕੇ ਨੂੰ ਮਾਣ ਮਹਿਸੂਸ ਕਰਵਾਇਆ ਹੈ।
ਸ਼ਮਨੀਤ ਦੇ ਮਾਪਿਆਂ, ਰਾਜੇਸ਼ ਰਾਣਾ ਅਤੇ ਨੀਨਾ ਰਾਣਾ ਨੇ ਦੱਸਿਆ ਕਿ ਉਹ 2019 ਵਿੱਚ ਉਚ ਸਿੱਖਿਆ ਲਈ ਕੈਨੇਡਾ ਗਿਆ ਸੀ। ਉਥੇ ਪਹੁੰਚ ਕੇ ਉਸਨੇ ਨਿਰੰਤਰ ਮਿਹਨਤ ਨਾਲ ਪੜਾਈ ਜਾਰੀ ਰੱਖੀ ਅਤੇ ਕੁਝ ਸਾਲਾਂ ਵਿੱਚ ਨਾਗਰਿਕਤਾ ਪ੍ਰਾਪਤ ਕਰਕੇ ਕੈਨੇਡਾ ਪੁਲਿਸ ਵਿਭਾਗ ਵਿੱਚ ਸ਼ਾਮਲ ਹੋ ਗਿਆ।
2025 ਵਿੱਚ ਚਿਲਡਰਨ ਜੇਲ੍ਹ ਵਿਭਾਗ ਦੇ ਯੂਥ ਸਰਵਿਸ ਅਫ਼ਸਰ ਟੈਸਟ ਵਿੱਚ ਸ਼ਮਨੀਤ ਨੇ 90% ਅੰਕ ਹਾਸਿਲ ਕਰਕੇ ਉੱਚ ਅਹੁਦੇ ਲਈ ਚੁਣਿਆ ਗਿਆ। ਇਹ ਸਾਰੇ ਇਲਾਕੇ ਲਈ ਮਾਣਯੋਗ ਪਲ ਸੀ। ਸ਼ਮਨੀਤ ਦੀ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਗਹਿਰੀ ਰੁਚੀ ਰਹੀ ਹੈ, ਜਿਸ ਕਾਰਨ ਇਹ ਕਾਮਯਾਬੀ ਉਸ ਦੀ ਲਗਨ ਅਤੇ ਦ੍ਰਿੜ ਨਿਸ਼ਚੇ ਦਾ ਨਤੀਜਾ ਹੈ।
ਇਸ ਖੁਸ਼ੀ ਦੇ ਮੌਕੇ 'ਤੇ ਕਈ ਸਥਾਨਕ ਵਿਅਕਤੀਆਂ ਜਿਵੇਂ ਕਿ ਅਧਿਆਪਕ ਰਚਨਾ ਦੇਵੀ, ਰਾਣਾ ਬ੍ਰਿਜ ਸਿੰਘ, ਕਰਮੋ ਦੇਵੀ, ਪਰਸ਼ੋਤਮ ਸਿੰਘ, ਮਾਸਟਰ ਅਮਰੀਕ ਸਿੰਘ ਅਤੇ ਡਾਕਟਰ ਜਸਵੀਰ ਸਿੰਘ ਮੌਜੂਦ ਸਨ। ਉਨ੍ਹਾਂ ਸਾਰਿਆਂ ਨੇ ਸ਼ਮਨੀਤ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਇਲਾਕੇ ਦੇ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣਿਆ ਹੈ।
Get all latest content delivered to your email a few times a month.