ਤਾਜਾ ਖਬਰਾਂ
ਰੱਖੜ ਪੁੰਨਿਆ ਮੌਕੇ ਇਕ ਵੱਡੀ ਸਿਆਸੀ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜੇ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਆਮ ਆਦਮੀ ਪਾਰਟੀ ਵੱਲੋਂ ਐਕਵਾਇਰ ਕੀਤੀ ਸਾਰੀ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇਗੀ, ਬਿਲਕੁਲ 2016 ਵਿੱਚ SYL ਨਹਿਰ ਦੀ ਜ਼ਮੀਨ ਵਾਪਸੀ ਵਾਂਗ। ਉਹਨਾਂ ਨੇ 1 ਸਤੰਬਰ ਤੋਂ “ਜ਼ਮੀਨ ਬਚਾਓ ਮੋਰਚਾ” ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਬੇਮੁੱਲੇ ਰੇਟਾਂ ’ਤੇ ਉਪਜਾਊ ਜ਼ਮੀਨ ਹਥਿਆ ਕੇ ਬਿਲਡਰਾਂ ਨੂੰ ਦੇਣ ਦੀ ਯੋਜਨਾ ਬਣਾ ਰਹੀ ਹੈ।
ਬਾਦਲ ਨੇ ਵਾਅਦਾ ਕੀਤਾ ਕਿ ਸਰਕਾਰ ਆਉਣ ’ਤੇ ਬਾਹਰਲਿਆਂ ਵੱਲੋਂ ਪੰਜਾਬ ਵਿੱਚ ਜ਼ਮੀਨ ਖਰੀਦਣ ’ਤੇ ਪਾਬੰਦੀ ਲਗਾਈ ਜਾਵੇਗੀ, ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਲਈ ਹੋਣਗੀਆਂ ਅਤੇ ਨਿੱਜੀ ਕੰਪਨੀਆਂ ਨੂੰ 80% ਪੰਜਾਬੀ ਭਰਤੀ ਕਰਨੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ, ਆਟਾ-ਦਾਲ ਅਤੇ ਸ਼ਗਨ ਸਕੀਮ ਮੁੜ ਸ਼ੁਰੂ ਹੋਵੇਗੀ ਤੇ ਬੁਢਾਪਾ ਪੈਨਸ਼ਨ ਵਧਾਈ ਜਾਵੇਗੀ।
ਉਹਨਾਂ ਨੇ ਆਪ ਅਤੇ ਕਾਂਗਰਸ ’ਤੇ ਅਕਾਲੀ ਦਲ ਖਿਲਾਫ਼ ਝੂਠੇ ਪ੍ਰਚਾਰ ਅਤੇ ਸਾਜ਼ਿਸ਼ਾਂ ਦੇ ਦੋਸ਼ ਲਗਾਏ, 2016 ਮਾਲੇਰਕੋਟਲਾ ਬੇਅਦਬੀ ਕਾਂਡ ’ਚ ਆਪ ਦੇ ਹੱਥ ਹੋਣ ਦਾ ਦਾਅਵਾ ਕੀਤਾ ਅਤੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਝੂਠੇ ਕੇਸਾਂ ਦੀ ਨਿਖੇਧੀ ਕੀਤੀ। ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਸੂਬੇ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ।
Get all latest content delivered to your email a few times a month.