ਤਾਜਾ ਖਬਰਾਂ
ਸੁਤੰਤਰਤਾ ਦਿਵਸ ਦੇ ਸਵੇਰੇ ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ 'ਆਊਟਲੁੱਕ–ਆਈ.ਸੀ.ਏ.ਆਰ.ਈ. ਰੈਂਕਿੰਗ 2025' ਵਿੱਚ ਇਸ ਨੂੰ ਦੇਸ਼ ਦੀਆਂ 75 ਸਰਵੋਤਮ ਸਟੇਟ ਯੂਨੀਵਰਸਿਟੀਆਂ ਦੀ ਸੂਚੀ ਵਿੱਚ 47ਵਾਂ ਸਥਾਨ ਮਿਲਿਆ ਹੈ। ਇਸ ਪ੍ਰਾਪਤੀ ਨਾਲ ਪੰਜਾਬੀ ਯੂਨੀਵਰਸਿਟੀ ਪਹਿਲੀਆਂ 50 ਸਟੇਟ ਯੂਨੀਵਰਸਿਟੀਆਂ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੀ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਹ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਸਮੂਹ ਅਧਿਆਪਕਾਂ, ਗ਼ੈਰ-ਅਧਿਆਪਕ ਸਟਾਫ, ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਸ਼ੁਭਚਿੰਤਕਾਂ ਨੂੰ ਵਧਾਈ ਦਿੱਤੀ।
ਡਾ. ਸਿੰਘ ਨੇ ਕਿਹਾ ਕਿ ਇਹ ਸਫਲਤਾ ਯੂਨੀਵਰਸਿਟੀ ਦੀ ਮਿਹਨਤੀ ਟੀਮ ਅਤੇ ਸਾਬਕਾ ਉਪ-ਕੁਲਪਤੀਆਂ ਅਤੇ ਅਧਿਕਾਰੀਆਂ ਦੇ ਯੋਗਦਾਨ ਦਾ ਨਤੀਜਾ ਹੈ। ਉਨ੍ਹਾਂ ਸਭ ਨੂੰ ਯਾਦ ਕਰਦਿਆਂ ਕਿਹਾ ਗਿਆ ਕਿ ਇਹ ਸਾਂਝੀ ਮਿਹਨਤ ਹੀ ਪੰਜਾਬੀ ਯੂਨੀਵਰਸਿਟੀ ਨੂੰ ਇਸ ਮੰਜ਼ਿਲ ਤੱਕ ਲੈ ਕੇ ਆਈ ਹੈ। ਉਨ੍ਹਾਂ ਅਪੀਲ ਕੀਤੀ ਕਿ ਭਵਿੱਖ ਵਿੱਚ ਇਸ ਯੂਨੀਵਰਸਿਟੀ ਨੂੰ ਹੋਰ ਉੱਚਾਈਆਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ।
ਰੈਂਕਿੰਗ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 'ਅਕੈਡਮਿਕ ਐਂਡ ਰਿਸਰਚ ਐਕਸੀਲੈਂਸ' ਵਿੱਚ 400 ਵਿੱਚੋਂ 365.96 ਅੰਕ, 'ਇੰਡਸਟਰੀ ਇੰਟਰਫੇਸ ਐਂਡ ਪਲੇਸਮੈਂਟ' ਵਿੱਚ 200 ਵਿੱਚੋਂ 169.93 ਅੰਕ, 'ਇਨਫਰਾਸਟ੍ਰਕਚਰ ਐਂਡ ਫੈਸਿਲਟੀਜ਼' ਵਿੱਚ 150 ਵਿੱਚੋਂ 116.21 ਅੰਕ, 'ਗਵਰਨੈਂਸ ਐਂਡ ਐਕਸਟੈਂਸ਼ਨ' ਵਿੱਚ 150 ਵਿੱਚੋਂ 107.24 ਅੰਕ ਅਤੇ 'ਡਾਇਵਰਸਟੀ ਐਂਡ ਆਊਟਰੀਚ' ਵਿੱਚ 100 ਵਿੱਚੋਂ 62.98 ਅੰਕ ਪ੍ਰਾਪਤ ਕੀਤੇ ਹਨ। ਇਸ ਤਰ੍ਹਾਂ ਯੂਨੀਵਰਸਿਟੀ ਨੇ ਕੁੱਲ 1000 ਵਿੱਚੋਂ 822.32 ਅੰਕ ਹਾਸਲ ਕੀਤੇ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਅਤੇ ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੱਧੂ ਨੇ ਵੀ ਇਸ ਪ੍ਰਾਪਤੀ 'ਤੇ ਖੁਸ਼ੀ ਜਤਾਈ ਅਤੇ ਸਭ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਰੈਂਕਿੰਗ ਪੰਜਾਬੀ ਯੂਨੀਵਰਸਿਟੀ ਦੀ ਗੁਣਵੱਤਾ, ਪ੍ਰਬੰਧਨ ਅਤੇ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਉੱਚੇ ਕੰਮ ਦੀ ਪ੍ਰਮਾਣਿਕਤਾ ਹੈ।
Get all latest content delivered to your email a few times a month.