ਤਾਜਾ ਖਬਰਾਂ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਸ਼ਹੀਦੀ ਨਗਰ ਕੀਰਤਨ ਆਰੰਭ ਹੋਇਆ। ਇਹ ਕੀਰਤਨ ਅੱਜ ਗੁਰਦੁਆਰਾ ਦਮਦਮਾ ਸਾਹਿਬ (ਅਕਾਲ ਅਕੈਡਮੀ), ਗੋਮਤੀ ਪੁਲ ਪੂਰਨਪੁਰ ਤੋਂ ਅਗਲੇ ਪੜਾਅ ਲਈ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ, ਉਤਰਾਖੰਡ ਵੱਲ ਰਵਾਨਾ ਹੋਇਆ।
ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਵਿਖੇ ਧਾਰਮਿਕ ਦੀਵਾਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਿਆਨੀ ਕੇਵਲ ਸਿੰਘ ਅਤੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਸੰਗਤਾਂ ਨਾਲ ਗੁਰ-ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪਾ ਸਾਹਿਬ ਦਿੱਤਾ ਗਿਆ।
ਨਗਰ ਕੀਰਤਨ ਗੁਰਦੁਆਰਾ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਸਾਹਗੜ, ਪੀਲੀਭੀਤ, ਮਝੋਲਾ, ਖਟੀਮਾ ਅਤੇ ਝਨਕਟ ਰਾਹੀਂ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ, ਉਤਰਾਖੰਡ ਪੁੱਜਾ। ਰਸਤੇ ਵਿਚ ਵੱਖ-ਵੱਖ ਸਥਾਨਾਂ ‘ਤੇ ਸੰਗਤਾਂ ਨੇ ਭਰਵਾਂ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਸਤਿਕਾਰ ਕੀਤਾ।
ਅੱਜ ਰਾਤ ਨਗਰ ਕੀਰਤਨ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਵਿਖੇ ਠਹਿਰੇਗਾ ਅਤੇ 7 ਸਤੰਬਰ ਨੂੰ ਅਗਲੇ ਪੜਾਅ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਬਰੇਲੀ ਲਈ ਰਵਾਨਾ ਹੋਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸਥਾਨਕ ਸੰਗਤਾਂ ਹਾਜ਼ਰ ਸਨ, ਜਿਨ੍ਹਾਂ ਵਿੱਚ ਭਾਈ ਅਜੈਬ ਸਿੰਘ ਅਭਿਆਸੀ, ਅਮਰਜੀਤ ਸਿੰਘ ਭਲਾਈਪੁਰ, ਅਮਰਜੀਤ ਸਿੰਘ ਬੰਡਾਲਾ, ਗੁਰਨਾਮ ਸਿੰਘ, ਜਗਜੀਤ ਸਿੰਘ, ਸਿਮਰਨਜੀਤ ਸਿੰਘ ਕੰਗ, ਜਗਦੀਸ਼ ਸਿੰਘ ਬੁੱਟਰ, ਭਾਈ ਸੁਖਵਿੰਦਰ ਸਿੰਘ, ਰਵਿੰਦਰਜੀਤ ਸਿੰਘ ਅਤੇ ਹੋਰ ਸ਼ਮਿਲ ਸਨ।
Get all latest content delivered to your email a few times a month.