ਤਾਜਾ ਖਬਰਾਂ
ਪੰਜਾਬ ਲਈ ਇਸ ਔਖੀ ਘੜੀ ਵਿੱਚ ਇੱਕਜੁਟਤਾ ਦੀ ਮਿਸਾਲ ਪੇਸ਼ ਕਰਦਿਆਂ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ (ਨਾਟਾ) ਪੰਜਾਬ ਨੇ ਰਾਜ ਸਰਕਾਰ ਦੇ ਹੜ੍ਹ ਰਾਹਤ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਅਧਿਆਪਕ ਦਿਵਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੂੰ 1.25 ਲੱਖ ਰੁਪਏ ਦਾ ਚੈੱਕ ਭੇਟ ਕੀਤਾ।
ਨਾਟਾ ਦੇ ਪ੍ਰਧਾਨ ਡਾ. ਬਲਰਾਮ ਸ਼ਰਮਾ ਦੀ ਅਗਵਾਈ ਹੇਠਲੇ ਨੈਸ਼ਨਲ ਐਵਾਰਡੀ ਅਧਿਆਪਕਾਂ ਦੇ ਇੱਕ ਵਫ਼ਦ ਨੇ ਪੰਜਾਬ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਲਈ ਸ. ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਨੂੰ ਦਰਪੇਸ਼ ਇਸ ਚੁਣੌਤੀਪੂਰਨ ਸਥਿਤੀ ਵਿੱਚ ਰਾਜ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸ. ਹਰਜੋਤ ਸਿੰਘ ਬੈਂਸ ਨੇ ਨੈਸ਼ਨਲ ਐਵਾਰਡੀ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਿੱਖਿਆ ਵਿਭਾਗ ਦਾ ਮਾਣ ਹਨ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦੇਣ ਲਈ ਅਧਿਆਪਕਾਂ ਦੀ ਪਹਿਲਕਦਮੀ ਅਤੇ ਭਾਈਚਾਰਕ ਸਾਂਝ ਨੂੰ ਹੋਰ ਪਕੇਰਾ ਕਰਨ ਲਈ ਉਨ੍ਹਾਂ ਦੀ ਇਸ ਸੁਹਿਰਦ ਭਾਵਨਾ ਦੀ ਸ਼ਲਾਘਾ ਕੀਤੀ।
ਡਾ. ਬਲਰਾਮ ਸ਼ਰਮਾ, ਅਮਰਜੀਤ ਸਿੰਘ ਚਾਹਲ ਅਤੇ ਨਾਟਾ ਦੇ ਹੋਰ ਮੈਂਬਰਾਂ ਨੇ ਸਿੱਖਿਆ ਮੰਤਰੀ ਨੂੰ ਭਰੋਸਾ ਦਿੱਤਾ ਕਿ ਨਾਟਾ ਪੰਜਾਬ, ਹੜ੍ਹਾਂ ਦੀ ਮਾਰ ਹੇਠ ਆਏ ਖੇਤਰਾਂ ਵਿੱਚ ਵਿਦਿਆਰਥੀਆਂ ਦੇ ਵਿਦਿਅਕ ਨੁਕਸਾਨ ਨੂੰ ਘਟਾਉਣ ਲਈ ਆਪਣਾ ਸਮਰਥਨ ਜਾਰੀ ਰੱਖੇਗੀ, ਜੋ ਕਿ ਮੁ਼ਸ਼ਕਿਲ ਘੜੀ ਵਿੱਚ ਉਨ੍ਹਾਂ ਦੀ ਸਿੱਖਿਆ ਪ੍ਰਤੀ ਵਚਨਬੱਧਤਾ ਅਤੇ ਸੁਹਿਰਦਤਾ ਨੂੰ ਦਰਸਾਉਂਦਾ ਹੈ। ਇਨ੍ਹਾਂ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਜ ਲਈ ਪ੍ਰੇਰਨਾ ਸਿੱਖਿਆ ਮੰਤਰੀ ਸ. ਬੈਂਸ ਤੋਂ ਮਿਲੀ ਜੋ ਖੁਦ ਰੋਪੜ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਤੇ ਬਚਾਅ ਕਾਰਜਾਂ ਦੀ ਅਗਵਾਈ ਕਰ ਰਹੇ ਹਨ।
Get all latest content delivered to your email a few times a month.