ਤਾਜਾ ਖਬਰਾਂ
ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਇਲਾਕੇ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਿੰਡ ਦੁੱਗਾ ਦੇ ਨੇੜੇ ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਹੜ੍ਹ ਆ ਗਿਆ, ਜਿਸ ਨਾਲ ਖੇਤਾਂ ਵਿੱਚ ਖੜ੍ਹੇ ਪਾਣੀ ਨੇ ਦੋ ਜਿੰਦਗੀਆਂ ਨਿਗਲ ਲਈਆਂ। ਮੌਤ ਦਾ ਸ਼ਿਕਾਰ ਹੋਏ ਭੈਣ-ਭਰਾ ਦੀ ਪਹਿਚਾਣ ਸੰਜੀਵ ਕੁਮਾਰ ਅਤੇ ਪ੍ਰੀਤੀ, ਨਿਵਾਸੀ ਉੱਚਾ ਪਿੰਡ ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ, ਦੋਵੇਂ ਭੈਣ-ਭਰਾ ਦੁਪਹਿਰ ਕਰੀਬ 12 ਵਜੇ ਦਵਾਈ ਲੈਣ ਲਈ ਸਾਈਕਲ ਰਾਹੀਂ ਪਿੰਡ ਰਾਣੀਪੁਰ ਜਾ ਰਹੇ ਸਨ। ਰਸਤੇ ਵਿੱਚ ਪਿੰਡ ਦੁੱਗਾ ਦੇ ਨੇੜੇ ਉਹਨਾਂ ਦੀ ਸਾਈਕਲ ਅਚਾਨਕ ਖੱਡੇ ਨਾਲ ਟਕਰਾ ਗਈ ਅਤੇ ਸੰਤੁਲਨ ਬਿਗੜਣ ਨਾਲ ਦੋਵੇਂ ਖੇਤਾਂ ਵਿੱਚ ਭਰੇ ਪਾਣੀ ਵਿੱਚ ਜਾ ਡਿੱਗੇ। ਦੱਸਿਆ ਜਾ ਰਿਹਾ ਹੈ ਕਿ ਉਥੇ ਪਾਣੀ ਦੀ ਗਹਿਰਾਈ ਲਗਭਗ ਅੱਠ ਤੋਂ ਨੌ ਫੁੱਟ ਸੀ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਉਹਨਾਂ ਨੂੰ ਬਾਹਰ ਕੱਢਿਆ, ਪਰ ਤਦ ਤੱਕ ਦੋਵੇਂ ਦੀ ਸਾਹ ਲੈਣੀ ਮੁੱਕ ਚੁੱਕੀ ਸੀ।
ਸੂਚਨਾ ਮਿਲਣ 'ਤੇ ਫਗਵਾੜਾ ਤੋਂ ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਇਸ ਹਾਦਸੇ ਨੂੰ ਬਹੁਤ ਹੀ ਮੰਦਭਾਗਾ ਕਹਿੰਦੇ ਹੋਏ ਪੀੜਤ ਪਰਿਵਾਰ ਨੂੰ ਹੌਸਲਾ ਦਿੱਤਾ। ਇਸ ਵੇਲੇ ਦੋਵੇਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ।
ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।
Get all latest content delivered to your email a few times a month.