ਤਾਜਾ ਖਬਰਾਂ
ਗੁਜਰਾਤ ਦੀ ਧਰਤੀ ਤੋਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਹੋਏ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਪਾਹ ਉਤਪਾਦਕਾਂ ਲਈ ਵੱਡੇ ਐਲਾਨ ਕੀਤੇ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ ਹਨ। ਅਹਿਮਦਾਬਾਦ–ਰਾਜਕੋਟ ਹਾਈਵੇ ‘ਤੇ ਪ੍ਰਭੂ ਫਾਰਮ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਪਾਹ ਕਿਸਾਨਾਂ ਦੀਆਂ ਸਮੱਸਿਆਵਾਂ ‘ਤੇ ਚਿੰਤਾ ਜਤਾਈ।
ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਕਪਾਹ ਉਤਪਾਦਕਾਂ ਦੀ ਹਾਲਤ ਦਿਨੋਂਦਿਨ ਖਰਾਬ ਹੋ ਰਹੀ ਹੈ। ਉਨ੍ਹਾਂ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਦਾ ਜ਼ਿਕਰ ਕਰਦਿਆਂ ਕੇਂਦਰ ਸਰਕਾਰ ਨੂੰ ਸਖ਼ਤ ਰਵੱਈਆ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੇ ਮੁਤਾਬਕ, ਜੇ ਅਮਰੀਕਾ 50 ਪ੍ਰਤੀਸ਼ਤ ਡਿਊਟੀ ਲਗਾ ਸਕਦਾ ਹੈ ਤਾਂ ਭਾਰਤ ਨੂੰ ਘੱਟੋ-ਘੱਟ 75 ਪ੍ਰਤੀਸ਼ਤ ਟੈਰਿਫ ਲਗਾ ਕੇ ਜਵਾਬ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਸੂਰਤ ਦੇ ਹੀਰਾ ਉਦਯੋਗ ਨਾਲ ਜੁੜੇ ਮਜ਼ਦੂਰ ਵੀ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਹੱਕਾਂ ਲਈ ਖੜ੍ਹਾ ਹੋਣਾ ਪਵੇਗਾ।
ਕਪਾਹ ਕਿਸਾਨਾਂ ਲਈ ਕੇਜਰੀਵਾਲ ਨੇ ਇਹ ਚਾਰ ਮੁੱਖ ਮੰਗਾਂ ਰੱਖੀਆਂ:
ਅਮਰੀਕਾ ਤੋਂ ਆ ਰਹੀ ਕਪਾਹ ‘ਤੇ ਹਟਾਈ ਗਈ 11% ਡਿਊਟੀ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਕਿਸਾਨਾਂ ਨੂੰ ਘੱਟੋ-ਘੱਟ 2100 ਰੁਪਏ ਪ੍ਰਤੀ ਮਣ ਦੀ MSP ਮਿਲੇ।
ਸਰਕਾਰ ਕਿਸਾਨਾਂ ਦੀ ਫਸਲ MSP ‘ਤੇ ਖਰੀਦਣ ਦੀ ਗਰੰਟੀ ਦੇਵੇ।
ਬੀਜ ਅਤੇ ਹੋਰ ਖੇਤੀਬਾੜੀ ਸਬੰਧੀ ਜ਼ਰੂਰਤਾਂ ‘ਤੇ ਸਬਸਿਡੀ ਦਿੱਤੀ ਜਾਵੇ, ਤਾਂ ਜੋ ਖੇਤੀ ਦਾ ਖ਼ਰਚ ਘਟੇ।
ਉਨ੍ਹਾਂ ਨੇ ਦਲੀਲ ਦਿੱਤੀ ਕਿ ਪਿਛਲੇ ਸਮੇਂ ਕਪਾਹ ਦੀ ਕੀਮਤ 1500 ਰੁਪਏ ਪ੍ਰਤੀ ਮਣ ਤੱਕ ਸੀ, ਜੋ ਹੁਣ 1200 ਰੁਪਏ ‘ਤੇ ਆ ਗਈ ਹੈ। ਜੇ ਦਰਾਮਦ ਵਧ ਗਈ ਤਾਂ ਇਹ ਕੀਮਤ 900 ਰੁਪਏ ਤੋਂ ਵੀ ਘੱਟ ਹੋ ਸਕਦੀ ਹੈ, ਜੋ ਕਿਸਾਨਾਂ ਨੂੰ ਤਬਾਹ ਕਰ ਦੇਵੇਗੀ।
ਕੇਜਰੀਵਾਲ ਨੇ ਭਰੋਸਾ ਦਿਵਾਇਆ ਕਿ ਉਹ ਕਿਸਾਨਾਂ ਦੀ ਆਵਾਜ਼ ਉੱਚੀ ਕਰਦੇ ਰਹਿਣਗੇ ਅਤੇ ਜ਼ਰੂਰਤ ਪਈ ਤਾਂ ਕੇਂਦਰ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ।
Get all latest content delivered to your email a few times a month.