ਤਾਜਾ ਖਬਰਾਂ
ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਹੁਣ ਹੌਲੀ–ਹੌਲੀ ਘਟ ਰਿਹਾ ਹੈ, ਪਰ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਹਾਲੇ ਵੀ ਜਾਰੀ ਹਨ। ਸਿਹਤ ਵਿਭਾਗ ਨੇ ਚੇਤਾਵਨੀ ਜਾਰੀ ਕਰਦੇ ਕਿਹਾ ਹੈ ਕਿ ਹੜ੍ਹ ਦੇ ਪਿੱਛੋਂ ਵੱਖ–ਵੱਖ ਬਿਮਾਰੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ। ਅਧਿਕਾਰੀਆਂ ਮੁਤਾਬਕ ਚਮੜੀ ਦੇ ਰੋਗਾਂ ਨਾਲ ਨਾਲ ਡੇਂਗੂ, ਹੈਜ਼ਾ, ਟਾਈਫਾਇਡ, ਦਸਤਾਂ ਅਤੇ ਹੈਪੇਟਾਈਟਸ ਏ ਅਤੇ ਈ ਦੇ ਕੇਸ ਵੱਧਣ ਦਾ ਖ਼ਤਰਾ ਹੈ।
ਬਿਮਾਰੀਆਂ ਦੇ ਫੈਲਾਅ ਦਾ ਮੁੱਖ ਕਾਰਨ ਸਾਫ਼ ਪੀਣ ਵਾਲੇ ਪਾਣੀ ਦੀ ਘਾਟ, ਅਸੁਰੱਖਿਅਤ ਭੋਜਨ, ਲੰਬੇ ਸਮੇਂ ਤੱਕ ਖੜ੍ਹੇ ਪਾਣੀ ਦਾ ਸੰਪਰਕ ਅਤੇ ਸਫ਼ਾਈ ਸਹੂਲਤਾਂ ਦੀ ਕਮੀ ਦੱਸਿਆ ਜਾ ਰਿਹਾ ਹੈ। ਚੇਤਾਵਨੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਮ ਜਲ ਸਰੋਤ ਹੁਣ ਵਰਤਣ ਲਈ ਸੁਰੱਖਿਅਤ ਨਹੀਂ ਰਹੇ। ਹੜ੍ਹਾਂ ਨਾਲ ਰਾਜ ਵਿੱਚ ਹੁਣ ਤੱਕ 48 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਰੀਬ 1.76 ਲੱਖ ਹੈਕਟੇਅਰ ਖੇਤਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ।
ਭਾਖੜਾ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1677.39 ਫੁੱਟ ਹੈ, ਜਦਕਿ ਖਤਰੇ ਦੀ ਨਿਸ਼ਾਨੀ 1680 ਫੁੱਟ 'ਤੇ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੈਮ ਦੇ ਚਾਰ ਫਲੱਡ ਗੇਟ ਸੱਤ–ਸੱਤ ਫੁੱਟ ਖੋਲ੍ਹੇ ਗਏ ਹਨ। ਡੈਮ ਵਿੱਚ 55,388 ਕਿਊਸਿਕ ਪਾਣੀ ਆ ਰਿਹਾ ਹੈ ਜਦਕਿ 66,863 ਕਿਊਸਿਕ ਪਾਣੀ ਟਰਬਾਈਨਾਂ ਅਤੇ ਗੇਟਾਂ ਰਾਹੀਂ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਵੀ ਸਤਲੁਜ ਅਤੇ ਨਹਿਰਾਂ ਵਿਚ ਪਾਣੀ ਛੱਡਿਆ ਜਾ ਰਿਹਾ ਹੈ।
ਦੂਜੇ ਪਾਸੇ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ 12 ਦਿਨ ਬੰਦ ਰਹਿਣ ਤੋਂ ਬਾਅਦ ਕੱਲ੍ਹ ਤੋਂ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲਾਂ ਨਾਲ ਨਾਲ ਕਾਲਜ ਅਤੇ ਯੂਨੀਵਰਸਿਟੀਆਂ ਵੀ ਖੁੱਲ ਜਾਣਗੀਆਂ। ਹਾਲਾਂਕਿ ਜੇਕਰ ਕਿਸੇ ਇਲਾਕੇ ਵਿੱਚ ਹੜ੍ਹ ਕਾਰਨ ਹਾਲਾਤ ਅਜੇ ਵੀ ਠੀਕ ਨਹੀਂ ਹਨ, ਤਾਂ ਸੰਬੰਧਿਤ ਡਿਪਟੀ ਕਮਿਸ਼ਨਰ ਉਹਨਾਂ ਸੰਸਥਾਵਾਂ ਨੂੰ ਬੰਦ ਰੱਖਣ ਦਾ ਫੈਸਲਾ ਕਰ ਸਕਦੇ ਹਨ।
ਸਰਕਾਰੀ ਸਕੂਲਾਂ ਵਿੱਚ ਕਲਾਸਾਂ 9 ਸਤੰਬਰ ਤੋਂ ਸ਼ੁਰੂ ਹੋਣਗੀਆਂ। 8 ਸਤੰਬਰ ਨੂੰ ਵਿਦਿਆਰਥੀਆਂ ਲਈ ਛੁੱਟੀ ਰਹੇਗੀ ਪਰ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿ ਕੇ ਸਾਫ਼–ਸਫ਼ਾਈ ਮੁਹਿੰਮ ਚਲਾਉਣਗੇ। ਇਸ ਲਈ ਐਸਐਮਸੀ, ਪੰਚਾਇਤਾਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਲਈ ਜਾਵੇਗੀ। ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਕੂਲ ਇਮਾਰਤ ਅਤੇ ਕਲਾਸਰੂਮ ਪੂਰੀ ਤਰ੍ਹਾਂ ਸੁਰੱਖਿਅਤ ਹੋਣ।
Get all latest content delivered to your email a few times a month.