ਤਾਜਾ ਖਬਰਾਂ
ਜੀਐਸਟੀ ਸੁਧਾਰਾਂ ਤੋਂ ਬਾਅਦ ਆਮ ਜਨਤਾ ਨੂੰ ਮਿਲ ਰਹੀ ਮਹਿੰਗਾਈ ਤੋਂ ਰਾਹਤ ਦੇ ਨਾਲ ਹੁਣ ਡਿਜ਼ੀਟਲ ਭੁਗਤਾਨ ਦੇ ਖੇਤਰ ਵਿੱਚ ਵੀ ਵੱਡਾ ਬਦਲਾਅ ਆ ਗਿਆ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਐਲਾਨ ਕੀਤਾ ਹੈ ਕਿ ਵਪਾਰੀਆਂ ਅਤੇ ਟੈਕਸ ਦੇ ਘੇਰੇ ਵਿੱਚ ਆਉਣ ਵਾਲੀਆਂ ਸੰਸਥਾਵਾਂ ਲਈ ਪ੍ਰਤੀ ਲੈਣ-ਦੇਣ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਕਦਮ ਨਾਲ ਗਾਹਕਾਂ ਲਈ ਵੱਡੀਆਂ ਅਦਾਇਗੀਆਂ ਕਰਨਾ ਹੋਰ ਵੀ ਸੁਖਾਲਾ ਹੋ ਜਾਵੇਗਾ।
15 ਸਤੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ
ਐਨਪੀਸੀਆਈ ਵੱਲੋਂ ਜਾਰੀ ਸਰਕੂਲਰ ਅਨੁਸਾਰ ਇਹ ਬਦਲਾਅ 15 ਸਤੰਬਰ 2025 ਤੋਂ ਲਾਗੂ ਕੀਤੇ ਜਾਣਗੇ। ਨਵੀਂ ਸੀਮਾ ਸਿਰਫ਼ ਵਿਅਕਤੀ ਤੋਂ ਵਪਾਰੀ (P2M) ਲੈਣ-ਦੇਣ 'ਤੇ ਲਾਗੂ ਹੋਵੇਗੀ। ਹਾਲਾਂਕਿ, ਵਿਅਕਤੀ ਤੋਂ ਵਿਅਕਤੀ (P2P) ਦੇ ਭੁਗਤਾਨ ਲਈ ਮੌਜੂਦਾ 1 ਲੱਖ ਰੁਪਏ ਦੀ ਸੀਮਾ ਜਾਰੀ ਰਹੇਗੀ।
ਪੂੰਜੀ ਬਾਜ਼ਾਰ ਅਤੇ ਬੀਮਾ ਲਈ 10 ਲੱਖ ਰੁਪਏ ਦੀ ਸੀਮਾ
ਐਨਪੀਸੀਆਈ ਨੇ ਸਿਰਫ਼ ਆਮ ਵਪਾਰੀਆਂ ਹੀ ਨਹੀਂ, ਸਗੋਂ ਪੂੰਜੀ ਬਾਜ਼ਾਰ ਅਤੇ ਬੀਮਾ ਖੇਤਰ ਵਿੱਚ ਵੀ ਵੱਡੀ ਰਾਹਤ ਦਿੱਤੀ ਹੈ। ਹੁਣ ਇਨ੍ਹਾਂ ਖੇਤਰਾਂ ਵਿੱਚ ਲੈਣ-ਦੇਣ ਦੀ ਸੀਮਾ 2 ਲੱਖ ਰੁਪਏ ਤੋਂ ਵਧਾ ਕੇ 24 ਘੰਟਿਆਂ ਵਿੱਚ 10 ਲੱਖ ਰੁਪਏ ਕਰ ਦਿੱਤੀ ਗਈ ਹੈ।
ਕ੍ਰੈਡਿਟ ਕਾਰਡ ਅਤੇ ਲੋਨ EMI 'ਚ ਵੀ ਬਦਲਾਅ
ਨਵੇਂ ਨਿਯਮਾਂ ਅਨੁਸਾਰ, ਕ੍ਰੈਡਿਟ ਕਾਰਡ ਦੀ ਭੁਗਤਾਨ ਸੀਮਾ ਹੁਣ 2 ਲੱਖ ਰੁਪਏ ਦੀ ਥਾਂ 5 ਲੱਖ ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ, 24 ਘੰਟਿਆਂ ਵਿੱਚ ਤੁਸੀਂ ਕੁੱਲ 6 ਲੱਖ ਰੁਪਏ ਤੱਕ ਦੇ ਭੁਗਤਾਨ ਕਰ ਸਕੋਗੇ। ਲੋਨ ਅਤੇ EMI ਭੁਗਤਾਨਾਂ ਲਈ ਵੀ ਸੀਮਾ 2 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ ਅਤੇ ਇੱਕ ਦਿਨ ਵਿੱਚ ਵੱਧ ਤੋਂ ਵੱਧ 10 ਲੱਖ ਰੁਪਏ ਦੀ ਅਦਾਇਗੀ ਸੰਭਵ ਹੋਵੇਗੀ।
ਇਸ ਫ਼ੈਸਲੇ ਨਾਲ ਨਾ ਸਿਰਫ਼ ਡਿਜ਼ੀਟਲ ਲੈਣ-ਦੇਣ ਆਸਾਨ ਹੋਣਗੇ, ਸਗੋਂ ਆਰਥਿਕ ਗਤੀਵਿਧੀਆਂ ਨੂੰ ਵੀ ਰਫ਼ਤਾਰ ਮਿਲੇਗੀ।
Get all latest content delivered to your email a few times a month.