ਤਾਜਾ ਖਬਰਾਂ
ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿੱਥੇ ਆਮ ਲੋਕ ਆਪਣੀ ਜ਼ਿੰਦਗੀ ਮੁੜ ਪੱਟੜੀ 'ਤੇ ਲਿਆਂਦਣ ਲਈ ਜਦੋ-ਜਹਿਦ ਕਰ ਰਹੇ ਹਨ, ਉੱਥੇ ਹੀ ਫੌਜ ਲੋਕਾਂ ਲਈ ਮਸੀਹੇ ਵਾਂਗ ਸਾਹਮਣੇ ਆ ਰਹੀ ਹੈ। ਫੌਜੀ ਜਵਾਨਾਂ ਨੇ ਨਾ ਸਿਰਫ਼ ਮੌਤ ਦੇ ਖ਼ਤਰੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ, ਸਗੋਂ ਉਹਨਾਂ ਪਰਿਵਾਰਾਂ ਨੂੰ ਵੀ ਮਦਦ ਕੀਤੀ ਜਿਨ੍ਹਾਂ ਦੀਆਂ ਉਮੀਦਾਂ ਲਗਭਗ ਖ਼ਤਮ ਹੋ ਚੁੱਕੀਆਂ ਸਨ।
ਅੰਤਿਮ ਸਸਕਾਰ ਲਈ ਦਿੱਤਾ ਸਹਾਰਾ
ਇੱਕ ਪਰਿਵਾਰ, ਜੋ ਆਪਣੇ ਕਿਸੇ ਆਪਣੇ ਦੀਆਂ ਅੰਤਿਮ ਰਸਮਾਂ ਲਈ ਦੀਨਾਨਗਰ ਪਹੁੰਚਣਾ ਚਾਹੁੰਦਾ ਸੀ, ਪਾਣੀ ਵਿੱਚ ਫਸਿਆ ਹੋਇਆ ਸੀ। ਇਸ ਦੌਰਾਨ ਫੌਜ ਨੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਉਸ ਪਰਿਵਾਰ ਦੇ 10 ਮੈਂਬਰਾਂ ਨੂੰ ਸੁਰੱਖਿਅਤ ਢੰਗ ਨਾਲ ਪਹੁੰਚਾਇਆ, ਤਾਂ ਜੋ ਉਹ ਆਪਣੇ ਸੰਸਕਾਰ ਕਰ ਸਕਣ।
ਗਰਭਵਤੀ ਔਰਤ ਦੀ ਜਾਨ ਬਚਾਈ
ਜੰਮੂ ਖੇਤਰ ਦੇ ਰਾਮਲ ਪਿੰਡ ਵਿੱਚ ਇੱਕ ਨੌਂ ਮਹੀਨੇ ਦੀ ਗਰਭਵਤੀ ਔਰਤ ਸੜਕਾਂ ਦੇ ਟੁੱਟੇ ਸੰਪਰਕ ਕਾਰਨ ਪੂਰੀ ਤਰ੍ਹਾਂ ਫਸੀ ਹੋਈ ਸੀ। ਮੀਂਹ ਅਤੇ ਹਨੇਰੇ ਦੇ ਬਾਵਜੂਦ ਫੌਜੀ ਜਵਾਨ 18 ਕਿਲੋਮੀਟਰ ਦਾ ਰਾਹ ਪੈਦਲ ਤੈਅ ਕਰਕੇ ਪਿੰਡ ਤੱਕ ਪਹੁੰਚੇ ਅਤੇ ਹੈਲੀਕਾਪਟਰ ਰਾਹੀਂ ਉਸਨੂੰ ਹਸਪਤਾਲ ਲਿਜਾਇਆ ਗਿਆ। ਸਾਂਬਾ ਦੇ ਫੌਜੀ ਹਸਪਤਾਲ ਵਿੱਚ ਇਲਾਜ ਮਿਲਣ ਤੋਂ ਬਾਅਦ, ਉਸਨੇ ਅਗਲੇ ਹੀ ਦਿਨ ਸੁਰੱਖਿਅਤ ਤੌਰ 'ਤੇ ਇੱਕ ਬੱਚੀ ਨੂੰ ਜਨਮ ਦਿੱਤਾ।
ਰਾਵੀ ਦੇ ਪਾਣੀਆਂ ਨੇ ਵਧਾਈ ਚਿੰਤਾ
ਇਹ ਸਾਰਾ ਘਟਨਾ-ਚੱਕਰ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਿਛਲੇ ਹਫ਼ਤੇ ਵਾਪਰਿਆ। ਰਾਵੀ ਦਰਿਆ ਦਾ ਪਾਣੀ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ ਅਤੇ ਦਰਿਆ ਦੇ ਨਾਲ-ਨਾਲ ਵੱਡੀ ਜ਼ਮੀਨ ਨੂੰ ਨਿਗਲ ਚੁੱਕਾ ਹੈ।
ਫੌਜ ਦੇ ਇਸ ਯੋਗਦਾਨ ਨੇ ਨਾ ਸਿਰਫ਼ ਲੋਕਾਂ ਨੂੰ ਜਾਨੀ ਨੁਕਸਾਨ ਤੋਂ ਬਚਾਇਆ, ਸਗੋਂ ਹੜ੍ਹ ਮਗਰੋਂ ਹੌਸਲਾ ਵੀ ਦਿੱਤਾ ਕਿ ਸਭ ਤੋਂ ਔਖੇ ਸਮੇਂ ਵਿੱਚ ਵੀ ਸਹਾਰਾ ਮਿਲ ਸਕਦਾ ਹੈ।
Get all latest content delivered to your email a few times a month.