ਤਾਜਾ ਖਬਰਾਂ
ਪਠਾਨਕੋਟ – ਭਿਆਨਕ ਹੜ੍ਹਾਂ ਤੋਂ ਬਾਅਦ ਨੁਕਸਾਨੀ ਪੁਲਾਂ ਅਤੇ ਬੁਨਿਆਦੀ ਢਾਂਚੇ ਦੀ ਜਾਂਚ ਕਰਨ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅੱਜ ਪਠਾਨਕੋਟ ਦੇ ਚੱਕੀ ਪੁਲ 'ਤੇ ਪਹੁੰਚੇ। ਉਨ੍ਹਾਂ ਨੇ ਇੱਥੇ ਰੇਲਵੇ ਦੇ ਅਧਿਕਾਰੀਆਂ ਨਾਲ ਮਿਲ ਕੇ ਪੁਲ ਨੂੰ ਹੋਏ ਨੁਕਸਾਨ ਅਤੇ ਚੱਲ ਰਹੇ ਮੁਰੰਮਤ ਕਾਰਜਾਂ ਦੀ ਜਾਣਕਾਰੀ ਲਈ। ਇਸ ਦੌਰਾਨ ਕਈ ਸੀਨੀਅਰ ਰੇਲਵੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਬਿੱਟੂ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਰੇਲਵੇ ਦਾ ਸੁਚਾਰੂ ਅਤੇ ਸੁਰੱਖਿਅਤ ਸੰਚਾਲਨ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਖੇਤਰੀ ਕੁਨੈਕਟੀਵਿਟੀ ਨੂੰ ਬਹਾਲ ਕਰਨਾ ਭਾਰਤੀ ਰੇਲਵੇ ਦੀ ਪਹਿਲੀ ਜ਼ਿੰਮੇਵਾਰੀ ਹੈ। ਯਾਦ ਰਹੇ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪੁਲ ਥੱਲੇ ਤੋਂ ਮਿੱਟੀ ਖਿਸਕ ਜਾਣ ਨਾਲ ਇਸ ਪੁਲ ਨੂੰ ਅਸਥਾਈ ਤੌਰ ‘ਤੇ ਬੰਦ ਕਰਨਾ ਪਿਆ ਸੀ ਅਤੇ ਟ੍ਰੇਨਾਂ ਦੀ ਆਵਾਜਾਈ ਰੁਕ ਗਈ ਸੀ।
ਮੰਤਰੀ ਬਿੱਟੂ ਨੇ ਆਪਣੇ ਦੌਰੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਵੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ – “ਚੱਕੀ ਪੁਲ ‘ਤੇ ਚੱਲ ਰਹੇ ਮੁਰੰਮਤ ਕਾਰਜਾਂ ਦੀ ਜਾਂਚ ਕੀਤੀ। ਸੁਰੱਖਿਅਤ ਰੇਲਵੇ ਸੰਚਾਲਨ ਸਾਡੀ ਸਰਵੋਚ ਤਰਜੀਹ ਹੈ ਅਤੇ ਅਸੀਂ ਯਾਤਰੀਆਂ ਦੀ ਸੁਰੱਖਿਆ ਦੇ ਨਾਲ ਖੇਤਰੀ ਕੁਨੈਕਟੀਵਿਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।”
ਇਸ ਤੋਂ ਇਲਾਵਾ, ਬੀਤੇ ਦਿਨਾਂ ਮੰਤਰੀ ਬਿੱਟੂ ਨੇ ਯੂ.ਪੀ., ਐਮ.ਪੀ., ਰਾਜਸਥਾਨ ਅਤੇ ਗੁਜਰਾਤ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਪੰਜਾਬ ਲਈ ਹੜ੍ਹ ਰਾਹਤ ਕਾਰਜਾਂ ਵਿੱਚ ਸਹਾਇਤਾ ਦੀ ਅਪੀਲ ਵੀ ਕੀਤੀ ਸੀ। ਆਪਣੇ ਪੱਤਰ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਲਗਾਤਾਰ ਭਾਰੀ ਮੀਂਹ ਕਾਰਨ ਪੰਜਾਬ ਵਿੱਚ ਦਰਿਆ ਓਵਰਫਲੋ ਹੋ ਗਏ ਹਨ, ਕਈ ਪਿੰਡ ਤੇ ਸ਼ਹਿਰੀ ਇਲਾਕੇ ਡੁੱਬ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ।
ਬਿੱਟੂ ਨੇ ਲਿਖਿਆ – “ਇਹ ਹੜ੍ਹ ਨਾ ਸਿਰਫ਼ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਰਿਹਾ ਹੈ, ਬਲਕਿ ਮਨੁੱਖੀ ਪੀੜ ਨੂੰ ਵੀ ਵਧਾ ਰਿਹਾ ਹੈ। ਪੰਜਾਬ ਹਮੇਸ਼ਾਂ ਦੇਸ਼ ਦੇ ਹਰ ਸੰਕਟ ‘ਚ ਮਜ਼ਬੂਤੀ ਨਾਲ ਖੜ੍ਹਾ ਹੋਇਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਪੰਜਾਬ ਦੇ ਨਾਲ ਖੜ੍ਹੇ ਹੋਵੇ। ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਰਾਜਾਂ ਤੋਂ ਪੰਜਾਬ ਲਈ ਤੁਰੰਤ ਮਦਦ ਦੇਣ ਦੇ ਹੁਕਮ ਜਾਰੀ ਕਰੋ, ਤਾਂ ਜੋ ਇਹ ਆਪਸੀ ਏਕਤਾ ਅਤੇ ਸਹਿਯੋਗ ਸਾਡੇ ਸੰਘੀ ਢਾਂਚੇ ਨੂੰ ਹੋਰ ਮਜ਼ਬੂਤ ਕਰ ਸਕੇ।”
Get all latest content delivered to your email a few times a month.