ਤਾਜਾ ਖਬਰਾਂ
ਨੇਪਾਲ ਇਸ ਵੇਲੇ ਗੰਭੀਰ ਰਾਜਨੀਤਿਕ ਸੰਕਟ ਵਿਚੋਂ ਲੰਘ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਕੁਰਸੀ ਹਿਲਦੀ ਨਜ਼ਰ ਆ ਰਹੀ ਹੈ। ਵੱਡੀ ਗੱਲ ਇਹ ਹੈ ਕਿ ਨੇਪਾਲੀ ਕਾਂਗਰਸ ਨੇ ਵੀ ਉਨ੍ਹਾਂ ਤੋਂ ਹੱਥ ਖਿੱਚ ਲਿਆ ਹੈ, ਜਿਸ ਨਾਲ ਸਰਕਾਰ ਹੋਰ ਵੀ ਕਮਜ਼ੋਰ ਹੋ ਗਈ ਹੈ। ਦੂਜੇ ਪਾਸੇ, ਜੈਨ-ਜ਼ੀ ਵਰਗ ਦੇ ਨੌਜਵਾਨ ਸੜਕਾਂ 'ਤੇ ਹਨ ਅਤੇ ਸਿੱਧਾ ਓਲੀ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਹਾਲਾਤ ਇਤਨੇ ਬੇਕਾਬੂ ਹੋ ਚੁੱਕੇ ਹਨ ਕਿ ਓਲੀ ਦੇਸ਼ ਛੱਡ ਕੇ ਵਿਦੇਸ਼ ਭੱਜਣ ਦੀ ਸੋਚ ਰਹੇ ਹਨ।
ਕਾਠਮੰਡੂ ਅਤੇ ਹੋਰ ਸ਼ਹਿਰਾਂ ਵਿੱਚ ਪ੍ਰਦਰਸ਼ਨ ਦਿਨੋਂ-ਦਿਨ ਹਿੰਸਕ ਰੂਪ ਧਾਰ ਰਹੇ ਹਨ। ਕਈ ਮੰਤਰੀਆਂ ਦੇ ਘਰਾਂ 'ਤੇ ਹਮਲੇ ਹੋਏ ਹਨ ਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਡਰ ਦੇ ਮਾਹੌਲ ਕਾਰਨ ਕਈ ਮੰਤਰੀ ਆਪਣੇ ਅਹੁਦੇ ਤੋਂ ਹਟ ਰਹੇ ਹਨ।
ਸਭ ਕੁਝ 4 ਸਤੰਬਰ ਤੋਂ ਸ਼ੁਰੂ ਹੋਇਆ, ਜਦੋਂ ਨੇਪਾਲ ਸਰਕਾਰ ਨੇ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਯੂਟਿਊਬ ਅਤੇ ਐਕਸ ਸਮੇਤ 26 ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਬੈਨ ਕਰ ਦਿੱਤਾ। ਇਸ ਕਦਮ ਨੇ ਯੁਵਕਾਂ ਨੂੰ ਗੁੱਸੇ ਨਾਲ ਭਰ ਦਿੱਤਾ। ਸ਼ੁਰੂਆਤੀ ਸ਼ਾਂਤਮਈ ਵਿਰੋਧ ਹੌਲੀ-ਹੌਲੀ ਹਿੰਸਕ ਟਕਰਾਵਾਂ ਵਿੱਚ ਤਬਦੀਲ ਹੋ ਗਿਆ। ਪੁਲਿਸ ਵੱਲੋਂ ਸੰਸਦ ਭਵਨ ਦੇ ਬਾਹਰ ਭੀੜ 'ਤੇ ਗੋਲੀਬਾਰੀ ਕੀਤੀ ਗਈ ਜਿਸ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਰਕਾਰ ਨੂੰ ਰਾਤੋਂ-ਰਾਤ ਬੈਨ ਵਾਪਸ ਲੈਣਾ ਪਿਆ।
ਇਨ੍ਹਾਂ ਹਾਲਾਤਾਂ ਵਿੱਚ ਗ੍ਰਹਿ ਮੰਤਰੀ ਰਮੇਸ਼ ਲੇਖਕ ਨੇ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇ ਦਿੱਤਾ, ਜਦਕਿ ਫ਼ੌਜ ਨੂੰ ਸੰਸਦ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਸੁਰੱਖਿਆ ਲਈ ਤੈਨਾਤ ਕਰਨਾ ਪਿਆ। ਹੁਣ ਤੱਕ ਚਾਰ ਮੰਤਰੀਆਂ ਨੇ ਆਪਣੀ ਜ਼ਿੰਮੇਵਾਰੀ ਛੱਡ ਦਿੱਤੀ ਹੈ।
ਪਿੱਛੇ ਦੇ ਚਿਹਰੇ ਦੀ ਗੱਲ ਕਰੀਏ ਤਾਂ "ਸੁਦਨ ਗੁਰੂਂਗ" ਦਾ ਨਾਮ ਸਭ ਤੋਂ ਵੱਧ ਚਰਚਾ 'ਚ ਹੈ। ਉਹ "ਹਾਮੀ ਨੇਪਾਲ" ਨਾਂ ਦੇ ਸੰਗਠਨ ਨਾਲ ਜੁੜੇ ਹਨ, ਜੋ ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਲਈ ਮਦਦਗਾਰ ਬਣਿਆ ਸੀ। ਸੁਦਨ ਨੇ ਹਜ਼ਾਰਾਂ ਲੋਕਾਂ ਤੱਕ ਆਕਸੀਜਨ ਸਿਲੰਡਰ ਪਹੁੰਚਾਏ ਅਤੇ ਭੂਚਾਲ ਸਮੇਂ ਵੀ ਸਹਾਇਤਾ ਦਿੱਤੀ। ਇਸ ਵਾਰ ਉਨ੍ਹਾਂ ਨੇ ਹੀ ਯੁਵਕਾਂ ਨੂੰ ਸੋਸ਼ਲ ਮੀਡੀਆ ਪਾਬੰਦੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਇਕੱਠਾ ਕੀਤਾ। ਇੰਸਟਾਗ੍ਰਾਮ ਰਾਹੀਂ ਸੁਦਨ ਗੁਰੂਂਗ ਨੇ ਵਿਦਿਆਰਥੀਆਂ ਨੂੰ ਯੂਨੀਫਾਰਮ ਅਤੇ ਕਿਤਾਬਾਂ ਨਾਲ ਸੜਕਾਂ 'ਤੇ ਉਤਰ ਕੇ ਸ਼ਾਂਤੀਪੂਰਨ ਵਿਰੋਧ ਕਰਨ ਦੀ ਅਪੀਲ ਕੀਤੀ ਸੀ।
Get all latest content delivered to your email a few times a month.