ਤਾਜਾ ਖਬਰਾਂ
ਨੇਪਾਲ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਹਿੰਸਕ ਰੁਖ ਅਪਣਾਉਣ ਤੋਂ ਬਾਅਦ ਰਾਜਧਾਨੀ ਕਾਠਮੰਡੂ ਦਾ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਏਅਰ ਇੰਡੀਆ ਨੇ ਦਿੱਲੀ-ਕਾਠਮੰਡੂ ਰੂਟ ਦੀਆਂ ਆਪਣੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਉਹ ਸਥਿਤੀ 'ਤੇ ਨਿਗਰਾਨੀ ਕਰ ਰਹੇ ਹਨ ਅਤੇ ਯਾਤਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਇੰਡੀਗੋ ਏਅਰਲਾਈਨਜ਼ ਨੇ ਵੀ ਆਪਣੀਆਂ ਉਡਾਣਾਂ ਰੱਦ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸੈਂਕੜੇ ਯਾਤਰੀ ਫਸੇ ਹੋਏ ਹਨ।
ਇਹ ਸੰਕਟ ਸਰਕਾਰ ਵੱਲੋਂ ਸੋਸ਼ਲ ਮੀਡੀਆ 'ਤੇ ਲਗਾਈ ਗਈ ਪਾਬੰਦੀ ਦੇ ਖਿਲਾਫ ਸ਼ੁਰੂ ਹੋਏ ਵਿਦਰੋਹ ਤੋਂ ਉਭਰਿਆ ਹੈ। "Gen-Z" ਵੱਲੋਂ ਸ਼ੁਰੂ ਕੀਤਾ ਇਹ ਆੰਦੋਲਨ ਹੁਣ ਭ੍ਰਿਸ਼ਟਾਚਾਰ ਵਿਰੋਧੀ ਵੱਡੇ ਜਨ ਆੰਦੋਲਨ ਵਿੱਚ ਬਦਲ ਗਿਆ ਹੈ। ਪਿਛਲੇ ਦੋ ਦਿਨਾਂ ਵਿੱਚ ਹਿੰਸਕ ਝੜਪਾਂ ਦੌਰਾਨ ਘੱਟੋ-ਘੱਟ 19 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖਮੀ ਹਨ। ਮੰਗਲਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਕੰਪਲੈਕਸ ਸਿੰਘ ਦਰਬਾਰ, ਕਈ ਨੇਤਾਵਾਂ ਦੇ ਨਿਵਾਸ ਅਤੇ ਪਾਰਟੀ ਦਫ਼ਤਰਾਂ ਵਿੱਚ ਦਾਖਲ ਹੋ ਕੇ ਭੰਨਤੋੜ ਅਤੇ ਅੱਗਜ਼ਨੀ ਕੀਤੀ।
ਭਾਰੀ ਉਥਲ-ਪੁਥਲ ਦੇ ਮੱਦੇਨਜ਼ਰ, ਨੇਪਾਲੀ ਸੈਨਾ ਨੂੰ ਹਵਾਈ ਅੱਡੇ ਅਤੇ ਮੁੱਖ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਹੈ। ਇਸਦੇ ਨਾਲ ਹੀ, ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨੇਪਾਲ ਦੀ ਰਾਜਨੀਤਕ ਅਸਥਿਰਤਾ ਨੇ ਸਿਰਫ ਦੇਸ਼ ਦੀ ਆਵਾਜਾਈ ਪ੍ਰਣਾਲੀ ਹੀ ਨਹੀਂ, ਸਗੋਂ ਦੋਪੱਖੀ ਸਬੰਧਾਂ ਅਤੇ ਖੇਤਰੀ ਸੁਰੱਖਿਆ ਲਈ ਵੀ ਚਿੰਤਾ ਪੈਦਾ ਕਰ ਦਿੱਤੀ ਹੈ। ਹਾਲਾਤ ਆਮ ਹੋਣ 'ਤੇ ਹੀ ਉਡਾਣਾਂ ਦੀ ਸੇਵਾ ਮੁੜ ਸ਼ੁਰੂ ਹੋਣ ਦੀ ਉਮੀਦ ਹੈ।
Get all latest content delivered to your email a few times a month.