ਤਾਜਾ ਖਬਰਾਂ
ਅੰਮ੍ਰਿਤਸਰ ਤੋਂ ਗਏ 92 ਯਾਤਰੀਆਂ ਦਾ ਜਥਾ ਇਸ ਵੇਲੇ ਨੇਪਾਲ ਵਿੱਚ ਮਚ ਰਹੇ ਹਿੰਸਕ ਪ੍ਰਦਰਸ਼ਨਾਂ ਅਤੇ ਕਰਫਿਊ ਕਾਰਨ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ। ਇਹ ਸਮੂਹ 3 ਸਤੰਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਸੀ। 5 ਸਤੰਬਰ ਨੂੰ ਇਹ ਜਥਾ ਜਨਕਪੁਰ ਧਾਮ ਪਹੁੰਚਿਆ ਅਤੇ 6 ਸਤੰਬਰ ਨੂੰ ਕਾਠਮੰਡੂ ਹੁੰਦਾ ਹੋਇਆ ਪੋਖਰਾ ਪਹੁੰਚਿਆ। ਸ਼ੁਰੂ ਵਿੱਚ ਸਾਰੀ ਯਾਤਰਾ ਸੁਚੱਜੀ ਤਰ੍ਹਾਂ ਚੱਲਦੀ ਰਹੀ, ਪਰ 8 ਸਤੰਬਰ ਤੋਂ ਨੇਪਾਲ ਵਿੱਚ ਹਾਲਾਤ ਅਚਾਨਕ ਖਰਾਬ ਹੋਣ ਲੱਗੇ। ਸੜਕਾਂ 'ਤੇ ਵਿਰੋਧ ਪ੍ਰਦਰਸ਼ਨ, ਅੱਗਜ਼ਨੀ ਅਤੇ ਕਰਫਿਊ ਕਾਰਨ ਯਾਤਰੀ ਡਰ ਅਤੇ ਗਭਰਾਹਟ ਵਿਚ ਆ ਗਏ।
ਯਾਤਰੀਆਂ ਨੇ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਤ ਦੇ ਸਮੇਂ ਹੀ ਨੇਪਾਲ ਛੱਡਣ ਦਾ ਫੈਸਲਾ ਕੀਤਾ। 9 ਸਤੰਬਰ ਦੀ ਰਾਤ ਨੂੰ ਉਨ੍ਹਾਂ ਨੇ ਪੋਖਰਾ ਤੋਂ ਸਰਹੱਦ ਵੱਲ ਰਵਾਨਗੀ ਕੀਤੀ। ਰਿੰਕੂ ਬਟਵਾਲ, ਜੋ ਇਸ ਸਮੂਹ ਨਾਲ ਮੌਜੂਦ ਹਨ, ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਹੋਟਲਾਂ ਦੇ ਆਲੇ-ਦੁਆਲੇ ਅੱਗ ਲੱਗੀ ਹੋਈ ਸੀ ਅਤੇ ਧੂੰਆਂ ਚਾਰੋਂ ਪਾਸੇ ਫੈਲ ਰਿਹਾ ਸੀ।
ਲੰਮੀ ਰਾਤਰੀ ਯਾਤਰਾ ਤੋਂ ਬਾਅਦ 10 ਸਤੰਬਰ ਨੂੰ ਇਹ ਜਥਾ ਨੇਪਾਲ-ਭਾਰਤ ਸਰਹੱਦ 'ਤੇ ਭੈਰਵਾ ਪਹੁੰਚ ਗਿਆ। ਇਸ ਵੇਲੇ ਯਾਤਰੀ ਉੱਥੇ ਹੀ ਰੋਕੇ ਗਏ ਹਨ ਅਤੇ ਸੁਰੱਖਿਆ ਏਜੰਸੀਆਂ ਵਲੋਂ ਹਾਲਾਤਾਂ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਯਾਤਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਹੁਣ ਜਲਦ ਤੋਂ ਜਲਦ ਭਾਰਤ ਦੀ ਹੱਦ ਵਿੱਚ ਦਾਖਲ ਹੋਣਾ ਚਾਹੁੰਦੇ ਹਨ। ਅੱਜ ਉਨ੍ਹਾਂ ਨੂੰ ਭਾਰਤ ਵਾਪਸ ਆਉਣ ਦੀ ਆਸ ਹੈ।
Get all latest content delivered to your email a few times a month.