ਤਾਜਾ ਖਬਰਾਂ
ਗੁਰੂ ਦੀ ਗੋਲਕ ਗਰੀਬ ਦਾ ਮੂੰਹ ਦੇ ਸਿਧਾਂਤ ਦੇ ਖਿਲਾਫ ਬਾਦਲ ਧੜਾ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਿਹਾ ਹੈ ਗੁਰੂ ਦੀ ਗੋਲਕ,ਪੱਤਰਾਂ ਤੇ ਵੀਡਿਉ ਜਰੀਏ ਪੇਸ ਕੀਤੇ ਵੱਡੇ ਸਬੂਤ
ਸਿੱਖ ਪੰਥ ਨੂੰ “ਗੁਰੂਦੁਆਰਾ ਸੁਧਾਰ ਲਹਿਰ 2” ਸ਼ੁਰੂ ਕਰਨ ਲਈ ਸੱਦਾ ਦਿੱਤਾ
ਚੰਡੀਗੜ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰਾਂ ਬੀਬੀ ਪਰਮਜੀਤ ਕੌਰ ਲਾਂਡਰਾਂ,ਜੱਥੇਦਾਰ ਸਤਵਿੰਦਰ ਸਿੰਘ ਟੌਹੜਾ,ਜੱਥੇਦਾਰ ਮਲਕੀਤ ਸਿੰਘ ਚੰਗਾਲ ਅਤੇ ਜੱਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਵੱਲੋਂ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਦੀ ਸਿਆਸੀ ਫਾਇਦੇ ਲਈ ਹੋ ਰਹੀ ਹੈ ਅੰਨੀ ਲੁੱਟ ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ।ਐਸਜੀਪੀਸੀ ਮੈਬਰਾਂ ਨੇ ਐਸਜੀਪੀਸੀ ਦੀ ਲੁੱਟੀ ਜਾ ਰਹੀ ਗੋਲਕ ਤੇ ਵੱਡੇ ਸਵਾਲ ਖੜੇ ਕੀਤੇ।
ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਐਸਜੀਪੀਸੀ ਦੇ ਗੋਲਕ ਦੀ ਹੋ ਰਹੀ ਸਿਆਸੀ ਵਰਤੋਂ ਦੇ ਸਬੂਤ ਪੇਸ਼ ਕਰਦੇ ਹੋਏ, ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਐਸਜੀਪੀਸੀ ਵੱਧ ਤੋਂ ਵੱਧ ਹਰ ਤਰਾਂ ਦੀ ਮੱਦਦ ਕਰੇ, ਇਹੀ ਪੰਥ ਦੀ ਅਵਾਜ ਅਤੇ ਮੰਗ ਹੈ, ਪਰ ਐਸਜੀਪੀਸੀ ਪੈਸੇ ਦੀ ਵਰਤੋਂ ਨੂੰ ਕੋਈ ਸਿਆਸੀ ਆਗੂ ਜਰੀਏ ਵਰਤਿਆ ਜਾਵੇ, ਇਸ ਸੰਗਤ ਨੂੰ ਬਰਦਾਸ਼ਤ ਨਹੀਂ ਹੈ। ਬੀਬੀ ਲਾਂਡਰਾਂ ਨੇ ਸੁਖਬੀਰ ਬਾਦਲ ਵੱਲੋ ਮਕਰੋੜ ਸਾਹਿਬ ਅਤੇ ਮੂਨਕ ਵਿੱਚ ਵੰਡੇ ਗਏ ਡੀਜ਼ਲ ਨੂੰ ਲੈਕੇ ਵੱਡਾ ਖੁਲਾਸਾ ਕਰਦੇ ਕਿਹਾ ਕਿ, ਇਹ ਡੀਜ਼ਲ ਸਬੰਧੀ 5 ਤਰੀਕ ਨੂੰ ਸੁਖਬੀਰ ਬਾਦਲ ਦੋਨੋ ਜਗ੍ਹਾ 2-2 ਹਜ਼ਾਰ ਲੀਟਰ ਦਾ ਐਲਾਨ ਕਰਦੇ ਹੋਏ ਹਲਕਾ ਇੰਚਾਰਜ ਖੰਡੇਬਾਦ ਨੂੰ ਕਿਹਾ ਕਿ ਓਹ ਨਿੱਜੀ ਤੌਰ ਤੇ ਪਹੁੰਚਾ ਦੇਣਗੇ ਅਗਲੇ ਦਿਨ ਐਸਜੀਪੀਸੀ ਦੇ ਕਾਰਜ ਹੇਠ ਆਉਂਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਪੱਤਰ ਨੰ: 441 ਮਿਤੀ 6 ਸਤੰਬਰ ਨੂੰ ਹੈਡ ਆਫ਼ਿਸ ਨੂੰ ਲਿਖਿਆ ਤੇ ਜਵਾਬੀ ਕਾਰਵਾਈ ਵਿੱਚ 9 ਸਤੰਬਰ ਨੂੰ 3000 ਲਿਟਰ ਦੀ ਮਨਜੂਰੀ ਮਿਲੀ ਤੇ ਇਹ ਡੀਜ਼ਲ ਨੂੰ ਸੁਖਬੀਰ ਸਿੰਘ ਬਾਦਲ ਧੜੇ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਜਰੀਏ ਵੰਡਿਆ ਗਿਆ। ਮੀਡੀਆ ਦੇ ਜ਼ਰੀਏ ਇਸ ਨੂੰ ਲੈਕੇ ਬਕਾਇਦਗੀ ਨਾਲ ਸਬੂਤ ਪੇਸ਼ ਕੀਤੇ ਗਏ।
ਇਸ ਤੋਂ ਅੱਗੇ ਬੀਬੀ ਲਾਡਰਾਂ ਨੇ ਖੁਲਾਸਾ ਕੀਤਾ ਕੀ ਅੱਜ ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸ੍ਰੀ ਅੰਮ੍ਰਿਤਸਰ ਸਾਹਿਬ ਸੀ ਜਿਸ ਵਿੱਚ ਪਾਸ ਹੋਇਆ ਖੁੱਲਾ ਮਤਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੁਖਬੀਰ ਬਾਦਲ ਦੇ ਹਰ ਤਰਾਂ ਦੇ ਐਲਾਨ ਤੋਂ ਬਾਅਦ ਸਾਰੇ ਪਾਸੇ ਹੀ ਐਸਜੀਪੀਸੀ ਦੀ ਗੋਲਕ ਵਿੱਚੋਂ ਹੀ ਹਰ ਤਰਾਂ ਦਾ ਸਮਾਨ ਚਾਰਾ, ਰਾਸ਼ਨ, ਭਾਂਡੇ, ਟੈਂਟ, ਡੀਜ਼ਲ ਆਦਿ ਸਮਾਨ ਖਰੀਦ ਕੇ ਭੇਜਿਆ ਜਾ ਰਿਹਾ ਹੈ। ਸਿੱਖ ਪੰਥ ਇਸ ਦੀ ਪਬਲਿਕ ਦੇ ਹਿੱਸੇਦਾਰੀ ਵਾਲੀ ਕਮੇਟੀ ਦੀ ਜਾਂਚ ਦੀ ਮੰਗ ਕਰਦਾ ਹੈ। ਓਹਨਾ ਸਿੱਖ ਪੰਥ ਨੂੰ ਅਪੀਲ ਕੀਤੀ ਸਾਰੇ ਰਲਕੇ “ਗੁਰਦੁਆਰਾ ਸੁਧਾਰ ਲਹਿਰ 2” ਸ਼ੁਰੂ ਕਰੀਏ ਤਾਂ ਜੋ ਐਸਜੀਪੀਸੀ ਅਜਾਦ ਕਰਵਾਈ ਜਾ ਸਕੇ।
ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਸਿਆਸੀ ਆਗੂਆਂ ਵੱਲੋਂ ਐਸਜੀਪੀਸੀ ਦੀ ਵਰਤੀ ਜਾ ਰਹੀ ਗੋਲਕ ਦੀਆਂ ਵੀਡਿਓ ਜਾਰੀ ਕਰਦੇ ਹੋਏ, ਪ੍ਰਧਾਨ ਐਸਜੀਪੀਸੀ ਤੇ ਸਵਾਲ ਖੜੇ ਕੀਤੇ ਕਿ, ਸੰਗਤ ਵਲੋ ਭੇਂਟ ਕੀਤੇ ਗਏ ਦਸ ਦਸ ਰੁਪਏ ਨਾਲ ਖੇਡੀ ਜਾ ਰਹੀ ਖੁੱਲ੍ਹੀ ਸਿਆਸੀ ਖੇਡ ਲਈ ਕਿਉ ਇਜਾਜ਼ਤ ਦਿੱਤੀ ਗਈ। ਜੱਥੇਦਾਰ ਟੌਹੜਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋ ਐਸਜੀਪੀਸੀ ਵਲੋ ਦਿੱਤੇ ਜਾ ਰਹੇ ਡੀਜਲ ਅਤੇ ਹੋਰ ਸਮਾਨ ਨੂੰ ਆਪਣੇ ਨਿੱਜੀ ਖਾਤੇ ਵਿਚ ਪਾਕੇ ਸੰਗਤ ਨੂੰ ਗੁੰਮਰਾਹ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਲਗਾਤਾਰ ਐਸਜੀਪੀਸੀ ਦੀ ਗੋਲਕ ਨੂੰ ਸਿਆਸੀ ਹਿੱਤਾਂ ਲਈ ਵਰਤ ਰਿਹਾ ਹੈ।
ਜਥੇਦਾਰ ਮਲਕੀਤ ਸਿੰਘ ਚੰਗਾਲ ਵੱਲੋ ਪਿਛਲੇ ਦਿਨੀ ਰਲਦੇ ਮਿਲਦੇ ਮਸਲੇ 450 ਥੈਲੇ ਸੀਮਿੰਟ ਦੀ ਚੋਰੀ ਵਾਲੇ ਮਾਮਲੇ ਵਿੱਚ ਮੁਲਾਜ਼ਮਾਂ ਉਪਰ ਹੋਈ ਕਾਰਵਾਈ ਨੂੰ ਬੁੱਤਾ ਸਾਰਨ ਵਾਲੀ ਦੱਸਿਆ ਤੇ ਮੰਗ ਕੀਤੀ ਕਿ ਜਿਸ ਮੈਂਬਰ ਦੇ ਘਰ 450 ਥੈਲੇ ਸੀਮਿੰਟ ਗਿਆ ਉਸ ਦੀ ਮੈਂਬਰੀ ਖਾਰਜ ਹੋਵੇ ਅਤੇ ਪਰਚਾ ਦਰਜ ਕਰਕੇ ਉਸ ਦੇ ਸਾਰੇ ਸਮੇਂ ਦੀ ਪੜਤਾਲ ਕੀਤੀ ਜਾਵੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਐਸਜੀਪੀਸੀ ਦੀਆਂ 14 ਸਾਲ ਪਹਿਲਾਂ ਚੋਣਾਂ ਕਰਵਾਈਆਂ ਸਨ ਤੇ 10 ਸਾਲ ਤੋਂ ਪੈਡਿੰਗ ਹਨ , ਕੇਂਦਰ ਸਰਕਾਰ ਤੁਰੰਤ ਚੋਣਾਂ ਕਰਵਾਏ ਤਾਂ ਕਿ ਪੰਥ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਇਮਾਨਦਾਰ ਮੈਬਰਾਂ ਨੂੰ ਚੁਣ ਸਕੇ ਤੇ ਗੁਰੂ ਘਰ ਅਜ਼ਾਦ ਕਰਾਏ ਜਾ ਸਕਣ।
ਇਸ ਦੇ ਨਾਲ ਹੀ ਜੱਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਜੇਕਰ ਕੇਂਦਰ ਦੁਆਰਾ ਚੋਣਾਂ ਦਾ ਐਲਾਨ ਨਾ ਹੋਇਆ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੋਣਾਂ ਕਰਵਾਉਣ ਲਈ ਸੰਘਰਸ਼ ਵਿੱਢਾਂਗੇ। ਇਸ ਨੂੰ ਲੈਕੇ ਹੜ੍ਹ ਦੀ ਸਥਿਤੀ ਦੇ ਸੁਧਾਰ ਤੋ ਬਾਅਦ ਸਿੱਖ ਸੰਗਤ ਨੂੰ ਲਾਮਬੰਦ ਕਰਨ ਮਹਿੰਮ ਤੇਜ ਕੀਤੀ ਜਾਵੇਗੀ।
Get all latest content delivered to your email a few times a month.