ਤਾਜਾ ਖਬਰਾਂ
ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਕੰਗਨਾ ਰਣੌਤ ਖਿਲਾਫ ਚੱਲ ਰਹੇ ਮਾਨਹਾਨੀ ਕੇਸ ਨੂੰ ਅੱਗੇ ਵੀ ਜਾਰੀ ਰੱਖਣ ਦਾ ਫੈਸਲਾ ਸੁਪਰੀਮ ਕੋਰਟ ਨੇ ਕੀਤਾ ਹੈ। ਸੁਪਰੀਮ ਕੋਰਟ ਨੇ ਕੰਗਨਾ ਰਣੌਤ ਦੀ ਮਾਨਹਾਨੀ ਕੇਸ ਰੱਦ ਕਰਨ ਦੀ ਮੰਗ ਵਾਲੀ ਅਰਜ਼ੀ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ। ਇਹ ਕੇਸ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਵੱਲੋਂ ਕਿਸਾਨਾਂ ਖਿਲਾਫ ਦਿੱਤੀ ਗਈ ਵਿਵਾਦਤ ਟਿੱਪਣੀ ਕਾਰਨ ਦਾਇਰ ਕੀਤਾ ਗਿਆ ਸੀ।
ਸੁਪਰੀਮ ਕੋਰਟ ਵਿੱਚ ਕੰਗਨਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੇ ਸਿਰਫ਼ ਇੱਕ ਟਵੀਟ ਨੂੰ ਰੀ-ਟਵੀਟ ਕੀਤਾ ਸੀ ਅਤੇ ਕਈ ਹੋਰ ਲੋਕਾਂ ਨੇ ਵੀ ਉਸੇ ਟਵੀਟ ਨੂੰ ਰੀ-ਟਵੀਟ ਕੀਤਾ ਸੀ। ਇਸ ਦਲੀਲ ਦੇ ਜਵਾਬ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਿਰਫ਼ ਰੀ-ਟਵੀਟ ਨਹੀਂ ਸੀ, ਬਲਕਿ ਇਸ ਵਿੱਚ ਕੰਗਨਾ ਰਣੌਤ ਦੀ ਟਿੱਪਣੀ ਵੀ ਸ਼ਾਮਲ ਸੀ। ਇਹ ਟ੍ਰਾਇਲ ਦਾ ਵਿਸ਼ਾ ਹੈ, ਇਸ ਲਈ ਤੁਸੀਂ ਆਪਣੀ ਗੱਲ ਨੀਚਲੀ ਅਦਾਲਤ ਵਿੱਚ ਰੱਖੋ। ਉਥੋਂ ਫੈਸਲਾ ਆਉਣ ਤੋਂ ਬਾਅਦ ਹੀ ਅੱਗੇ ਮਾਮਲੇ ਨੂੰ ਵੇਖਿਆ ਜਾਵੇਗਾ।
ਸੂਚਨਾ ਦੇ ਅਨੁਸਾਰ ਕੰਗਨਾ ਰਣੌਤ ਖਿਲਾਫ ਮਾਨਹਾਨੀ ਦੀ ਸ਼ਿਕਾਇਤ ਸਾਲ 2021 ਵਿੱਚ ਪੰਜਾਬ ਦੀ ਬਠਿੰਡਾ ਅਦਾਲਤ ਵਿੱਚ 73 ਸਾਲਾ ਮਹਿੰਦਰ ਕੌਰ ਵੱਲੋਂ ਦਾਇਰ ਕੀਤੀ ਗਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਕੰਗਨਾ ਨੇ ਇੱਕ ਪੋਸਟ ਨੂੰ ਰੀ-ਟਵੀਟ ਕਰਕੇ ਉਨ੍ਹਾਂ ਖਿਲਾਫ ਟਿੱਪਣੀ ਕੀਤੀ, ਜਿਸ ਨਾਲ ਉਨ੍ਹਾਂ ਦੀ ਮਾਨਹਾਨੀ ਹੋਈ। ਕੰਗਨਾ ਨੇ ਆਪਣੇ ਰੀ-ਟਵੀਟ ਵਿੱਚ ਮਹਿੰਦਰ ਕੌਰ ਦੀ ਫੋਟੋ ਵਾਲੇ ਟਵੀਟ ਨੂੰ ਰੀ-ਟਵੀਟ ਕਰਕੇ ਕਿਹਾ ਕਿ ਇਹ ਉਹੀ ਬਿਲਕਿਸ ਬਾਨੋ ਦਾਦੀ ਹਨ, ਜੋ ਸ਼ਾਹਿਨ ਬਾਗ ਪ੍ਰਦਰਸ਼ਨ ਦਾ ਹਿੱਸਾ ਸਨ ਅਤੇ ਇਹ 100 ਰੁਪਏ ਵਿੱਚ ਉਪਲਬਧ ਹੋ ਜਾਂਦੀ ਹੈ।
ਸੁਪਰੀਮ ਕੋਰਟ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਕੰਗਨਾ ਰਣੌਤ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ। ਹਾਈ ਕੋਰਟ ਨੇ ਕਿਹਾ ਕਿ ਕੰਗਨਾ ਰਣੌਤ ਇੱਕ ਅਦਾਕਾਰਾ ਹੈ। ਉਨ੍ਹਾਂ ਖਿਲਾਫ ਸ਼ਿਕਾਇਤਕਰਤਾ ਦੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗੇ ਹਨ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਕੰਗਨਾ ਦੇ ਰੀ-ਟਵੀਟ ਅਤੇ ਟਿੱਪਣੀ ਕਾਰਨ ਉਸਦੀ ਛਵੀ ਖਰਾਬ ਹੋਈ। ਇਸ ਕਾਰਨ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ।
Get all latest content delivered to your email a few times a month.