IMG-LOGO
ਹੋਮ ਪੰਜਾਬ: ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲੀਹ...

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

Admin User - Sep 16, 2025 07:15 PM
IMG

- ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਉਪ੍ਰੇਸ਼ਨ ਰਾਹਤ ਤਹਿਤ ਤਾਰਾਪੁਰ ਅਤੇ ਕੀਰਤਪੁਰ ਸਾਹਿਬ ਦਾ ਦੌਰਾ 

- ਹੜ੍ਹਾਂ ਦੀ ਸਥਿਤੀ 'ਚ ਸੁਧਾਰ: ਰਾਹਤ ਕੈਂਪ ਘੱਟ ਕੇ 41 ਅਤੇ ਬਸੇਰਾ ਕਰਨ ਵਾਲਿਆਂ ਦੀ ਗਿਣਤੀ ਘੱਟ ਕੇ 1945 ਹੋਈ: ਹਰਦੀਪ ਸਿੰਘ ਮੁੰਡੀਆਂ

- ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ 10 ਪਿੰਡਾਂ ਵਿੱਚ ਚਲਾਏ ਜਾ ਰਹੇ ਰਾਹਤ ਕਾਰਜਾਂ ਦਾ ਨਿਰੀਖਣ

- ਲਾਲਜੀਤ ਸਿੰਘ ਭੁੱਲਰ ਵੱਲੋਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਚੰਡੀਗੜ੍ਹ, 16 ਸਤੰਬਰ: 

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੜ੍ਹਾਂ ਕਾਰਨ ਪਿੰਡਾਂ ਵਿੱਚ ਆਈ ਗੰਦਗੀ ਨੂੰ ਸਾਫ਼ ਕਰਨ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਬੀਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਸਫ਼ਾਈ, ਫੌਗਿੰਗ ਅਤੇ ਛਿੜਕਾਅ ਦੇ ਕਾਰਜ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜ਼ਿੰਦਗੀ ਮੁੜ ਲੀਹ 'ਤੇ ਆਉਣ ਲੱਗੀ ਹੈ।ਇਸ ਦੇ ਨਾਲ ਹੀ 

ਪੰਜਾਬ ਕੈਬਨਿਟ ਦੇ ਵੱਖ-ਵੱਖ ਮੰਤਰੀਆਂ ਵੱਲੋਂ ਅੱਜ ਦੌਰਾ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸ਼ੁਰੂ ਕੀਤੇ ਗਏ ਰਾਹਤ ਕਾਰਜਾਂ ਦਾ ਨਿਰੀਖਣ ਕੀਤਾ ਗਿਆ। 

ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਉਪ੍ਰੇਸ਼ਨ ਰਾਹਤ ਤਹਿਤ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਤਾਰਾਪੁਰ ਅਤੇ ਕੀਰਤਪੁਰ ਸਾਹਿਬ ਵਿਖੇ ਚਲ ਰਿਹਾ ਰਾਹਤਾਂ ਕਾਰਜਾਂ ਅਤੇ  ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਲੱਗਦੇ ਨੀਮ ਪਹਾੜੀ ਖੇਤਰ ਤੋ ਖੱਡ ਵਿਚ ਆ ਰਹੇ ਬਰਸਾਤ ਦੇ ਪਾਣੀ ਨਾਲ ਇਸ ਇਲਾਕੇ ਦੇ ਰਿਹਾਇਸ਼ੀ ਘਰਾਂ ਦਾ ਖਾਰ ਲੱਗਣ ਨਾਲ ਹੋਏ ਨੁਕਸਾਨ ਦਾ ਜਾਇਜਾ ਲਿਆ। ਸ.  ਬੈਂਸ ਨੇ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਡੰਗਾ ਲਗਾਉਣ ਦੀ ਸੇਵਾ ਦਾ ਵੀ ਜਾਇਜਾ ਲਿਆ। ਇਸ ਮੌਕੇ ਸ. ਬੈਂਸ ਨੇ ਉਪ੍ਰੇਸ਼ਨ ਰਾਹਤ ਤਹਿਤ ਸਥਾਨਕ ਸੇਵਾਦਾਰਾਂ ਵੱਲੋਂ ਚਲਾਈ ਜਾ ਰਹੀ ਕਾਰ ਸੇਵਾ ਵਿੱਚ ਸ਼ਾਮਲ ਟਰੈਕਟਰਾਂ ਅਤੇ ਹੋਰ ਵਾਹਨਾਂ ਦੇ ਡੀਜ਼ਲ ਲਈ 50,000 ਰੁਪਏ ਦਾ ਯੋਗਦਾਨ ਦਿੱਤਾ ।


ਕੈਬਨਿਟ ਮੰਤਰੀ, ਪੰਜਾਬ, ਲਾਲ ਚੰਦ ਕਟਾਰੂਚੱਕ ਦੀ ਨਿਗਰਾਨੀ ਵਿੱਚ ਹੜ੍ਹ ਪ੍ਰਭਾਵਿਤ 10 ਪਿੰਡਾਂ ਅੰਦਰ ਮਹਾਂ ਸਫਾਈ ਅਭਿਆਨ ਚਲਾਇਆ ਗਿਆ। ਇਨ੍ਹਾਂ ਪਿੰਡਾਂ ਵਿੱਚ ਸਕੋਲ, ਢਿੰਡਾ/ਭੁਪਾਲਪੁਰ, ਕੋਟਲੀ ਜਵਾਹਰ, ਪਲਾਹ, ਘੋਲਾ, ਕੋਟ ਭੱਟੀਆਂ, ਬਲੋਤਰ, ਸੜੋਤਾ, ਦਨਵਾਲ ਤੇ ਖੋਜਕੀ ਚੱਕ ਸ਼ਾਮਿਲ ਸਨ। ਇਸ ਸਫਾਈ ਅਭਿਆਨ ਵਿੱਚ ਗਲੀਆਂ ਦੀ ਸਫਾਈ, ਖੜੇ ਪਾਣੀ ਤੇ ਸਪ੍ਰੇਅ, ਫੌਗਿੰਗ ਮਸ਼ੀਨਾਂ ਨਾਲ ਫੌਗਿੰਗ ਆਦਿ ਕਰਵਾ ਕੇ ਸਫਾਈ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕੀਤਾ। ਸ਼੍ਰੀ ਕਟਾਰੂਚੱਕ ਨੇ ਅੱਗੇ ਕਿਹਾ ਕਿ ਹੜ੍ਹ ਪ੍ਰਭਾਵਿਤ ਹਰੇਕ ਪਿੰਡ ਨੂੰ ਸਾਫ ਸਫਾਈ ਲਈ ਪੰਜਾਬ ਸਰਕਾਰ ਵੱਲੋਂ ਇੱਕ ਇੱਕ ਲੱਖ ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਜਾਵੇਗੀ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਰਾਧਲਕੇ, ਰਾਮ ਸਿੰਘ ਵਾਲਾ ਅਤੇ ਮੁੱਠਿਆਂਵਾਲਾ ਆਦਿ ਵਿਖੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਸਫਾਈ ਮੁਹਿੰਮ ਉਨ੍ਹਾਂ ਚਿਰ ਤੱਕ ਜਾਰੀ ਰਹੇਗੀ, ਜਦ ਤੱਕ ਸਾਰੇ ਹੜ੍ਹ ਪ੍ਰਭਾਵਿਤ ਖੇਤਰ ਸਾਫ਼ ਨਹੀਂ ਹੋ ਜਾਂਦੇ।   ਸਿਹਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲਗਾਤਾਰ ਫਾਗਿੰਗ ਅਤੇ ਐਂਟੀ ਲਾਰਵਾ ਸਪਰੇਅ ਕਰਵਾਈ ਜਾ ਰਹੀ ਹੈ।

ਇਸੇ ਦੌਰਾਨ ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 16 ਸਤੰਬਰ ਤੱਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਪ੍ਰਭਾਵਿਤ ਪਿੰਡਾਂ ਦੀ ਗਿਣਤੀ 2472 ਤੋਂ ਵੱਧ ਕੇ 2483 ਅਤੇ ਪ੍ਰਭਾਵਿਤ ਆਬਾਦੀ 389176 ਤੋਂ ਵਧ ਕੇ 389258 ਹੋ ਗਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਹਤ ਕਾਰਜਾਂ ਵਿੱਚ ਸਾਕਾਰਾਤਮਕ ਪ੍ਰਗਤੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਰਾਹਤ ਕੈਂਪਾਂ ਦੀ ਗਿਣਤੀ 66 ਤੋਂ ਘੱਟ ਕੇ 41 ਹੋ ਗਈ ਹੈ ਅਤੇ ਇਨ੍ਹਾਂ ਕੈਂਪਾਂ ਵਿੱਚ ਰਹਿ ਰਹੇ ਵਿਅਕਤੀਆਂ ਦੀ ਗਿਣਤੀ ਵੀ 3449 ਤੋਂ ਘੱਟ ਕੇ 1945 ਰਹਿ ਗਈ ਹੈ, ਜੋ ਜ਼ਮੀਨੀ ਪੱਧਰ ‘ਤੇ ਸਥਿਤੀ ਵਿੱਚ ਹੋ ਰਹੇ ਸੁਧਾਰ ਨੂੰ ਦਰਸਾਉਂਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.