IMG-LOGO
ਹੋਮ ਪੰਜਾਬ: ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ...

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

Admin User - Sep 16, 2025 08:41 PM
IMG

•ਹਾੜ੍ਹੀ ਸੀਜ਼ਨ ਲਈ ਕਿਸਾਨਾਂ ਨੂੰ 2 ਲੱਖ ਕੁਇੰਟਲ ਕਣਕ ਦਾ ਬੀਜ ਮੁਹੱਈਆ ਕਰਵਾਉਣ ਲਈ 80 ਕਰੋੜ ਜਾਰੀ ਕਰਨ ਦੀ ਮੰਗ

•ਹਾੜ੍ਹੀ ਦੀਆਂ ਫਸਲਾਂ ਸਬੰਧੀ ਇਥੇ ਹੋਈ ਕੌਮੀ ਖੇਤੀਬਾੜੀ ਕਾਨਫਰੰਸ -2025 ਵਿਚ ਕੀਤੀ ਸ਼ਿਰਕਤ

ਚੰਡੀਗੜ੍ਹ/ਨਵੀਂ ਦਿੱਲੀ, 16 ਸਤੰਬਰ-

 ਹਾਲ ਵਿਚ ਆਏ ਹੜਾਂ ਕਾਰਨ ਪੰਜਾਬ ਦੇ 2185 ਪਿੰਡਾਂ ਵਿਚ 5 ਲੱਖ ਏਕੜ ਖੇਤਰ ਵਿਚ ਫਸਲਾਂ ਦੀ ਹੋਈ ਤਬਾਹੀ ਦਾ ਹਵਾਲਾ ਦਿੰਦਿਆਂ  ਪੰਜਾਬ ਦੇ ਖੇਤੀਬਾੜ੍ਹੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਸਰਹੱਦੀ ਜਿਲਿਆਂ ਵਿਚ ਖੇਤੀਬਾੜ੍ਹੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਕੇਂਦਰ ਸਰਕਾਰ ਨੂੰ ਕੌਮੀ ਖੇਤੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ) ਤਹਿਤ ਵਾਧੂ ਵਿੱਤੀ ਸਹਾਇਤਾ ਲਈ 151 ਕਰੋੜ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਹੈ। 

ਅੱਜ ਇਥੋਂ ਦੇ ਪੂਸਾ ਭਵਨ ਵਿਖੇ ਕੇਂਦਰੀ ਖੇਤੀਬਾੜ੍ਹੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ਹਾੜ੍ਹੀ ਦੀਆਂ ਫਸਲਾਂ ਸਬੰਧੀ ਕੌਮੀ ਖੇਤੀਬਾੜ੍ਹੀ ਕਾਨਫਰੰਸ -2025 ਨੂੰ ਸੰਬੋਧਨ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਹਾਲੀਆ ਹੜਾਂ ਸਦਕਾ ਖੇਤੀਬਾੜ੍ਹੀ ਅਧੀਨ ਰਕਬੇ ਅਤੇ ਖੜੀਆਂ ਫਸਲਾਂ ਦੀ ਵੱਡੇ ਪੈਮਾਨੇ ਤੇ ਤਬਾਹੀ ਹੋਈ ਹੈ। ਸਰਹੱਦੀ ਜਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਕਪੂਰਥਲਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸਭ ਤੋਂ ਵਧੇਰੇ ਪ੍ਰਭਾਵਿਤ ਹੋਏ ਹਨ ਅਤੇ ਇਥੇ ਜ਼ਮੀਨਾਂ ਵਿਚ 5-5 ਫੁੱਟ ਤੱਕ ਸਿਲਟ/ਰੇਤ ਜ਼ਮਾਂ ਹੋ ਗਈ ਹੈ। 

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਮੁਲਕ ਦੇ ਕਿਸੇ ਵੀ ਖਿੱਤੇ ਵਿਚ ਲੋਕਾਂ ਤੇ ਮੁਸ਼ਕਿਲ ਬਣਨ ਤੇ ਹਮੇਸ਼ਾ ਵੱਡੇ ਦਿਲ ਨਾਲ ਮੱਦਦ ਕੀਤੀ ਹੈ ਅਤੇ ਹੁਣ ਇਨ੍ਹਾਂ ਸੰਕਟਮਈ ਹਾਲਾਤਾਂ ਵਿਚੋਂ ਪੰਜਾਬ ਨੂੰ ਬਾਹਰ ਕੱਢਣ ਲਈ ਕੇਂਦਰ ਨੂੰ ਮੱਦਦ ਦਾ ਹੱਥ ਵਧਾਉਣਾ ਚਾਹੀਦਾ ਹੈ। 

ਸ. ਖੁੱਡੀਆਂ ਨੇ ਜੋਰ ਦਿੱਤਾ ਕਿ ਹਾਲਾਤਾਂ ਦੀ ਤੀਬਰਤਾ ਨੂੰ ਵੇਖਦੇ ਹੋਏ ਆਰ.ਕੇ.ਵੀ.ਵਾਈ ਦੇ ਡੀ.ਪੀ.ਆਰ ਭਾਗ ਤਹਿਤ ਇਹ ਫੰਡ ਜਲਦੀ ਜਾਰੀ ਕੀਤੇ ਜਾਣ ਨਾਲ ਨਾ ਕੇਵਲ ਕਿਸਾਨਾਂ ਦੀ ਮੱਦਦ ਹੋ ਸਕੇਗੀ ਸਗੋਂ ਸੂਬੇ ਵਿਚ ਖੇਤੀਬਾੜੀ ਆਰਥਿਕਤਾ ਦੀ ਮੁੜ ਬਹਾਲੀ ਵੀ ਸੰਭਵ ਹੋ ਸਕੇਗੀ। 

ਪੰਜਾਬ ਦੇ ਕੈਬਨਿਟ ਮੰਤਰੀ ਨੇ ਮੰਗ ਕੀਤੀ ਕਿ ਕੇਂਦਰ ਪ੍ਰਭਾਵਿਤ ਕਿਸਾਨਾਂ ਨੂੰ 2 ਲੱਖ ਕੁਇੰਟਲ ਕਣਕ ਦਾ ਸਰਟੀਫਾਈਡ ਬੀਜ ਮੁਹੱਈਆ ਕਰਵਾਉਣ ਲਈ ਸੀਡ ਵਿਲੇਜ ਪ੍ਰੋਗਰਾਮ ਤਹਿਤ 80 ਕਰੋੜ ਰੁਪਏ ਜਾਰੀ ਕਰੇ। ਇਸ ਤੋਂ ਇਲਾਵਾ ਕੌਮੀ ਖਾਧ ਮਿਸ਼ਨ ਤਹਿਤ ਕਣਕ ਦੇ ਬੀਜ ਲਈ ਵੱਖਰੇ 25 ਲੱਖ ਰੁਪਏ ਜਾਰੀ ਕੀਤੇ ਜਾਣ ਤਾਂ ਜੋ ਕਿਸਾਨਾਂ ਦੀ ਮੱਦਦ ਸੰਭਵ ਹੋ ਸਕੇ। ਉਨਾਂ ਸ੍ਰੀ ਚੌਹਾਨ ਨੂੰ 637 ਕੁਇੰਟਲ ਸਰੋਂ ਦਾ ਸਰਟੀਫਾਈਡ ਬੀਜ ਅਤੇ 375 ਕੁਇੰਟਲ ਕਾਲੇ ਛੋਲਿਆਂ ਦਾ ਬੀਜ ਦੀ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ। 

ਸ. ਖੁੱਡੀਆਂ ਨੇ ਇਹ ਵੀ ਮੰਗ ਕੀਤੀ ਕਿ ਕੇਂਦਰ ਡੀ.ਏ.ਪੀ ਅਤੇ ਯੂਰੀਆ ਖਾਦਾਂ ਦੀ ਸੂਬੇ ਦੀ ਜ਼ਰੂਰਤ ਅਨੁਸਾਰ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਵੇ। ਉਨਾਂ ਕੇਂਦਰੀ ਖੇਤੀਬਾੜ੍ਹੀ ਮੰਤਰੀ ਨੂੰ ਕੇਂਦਰ ਵੱਲੋਂ ਪੰਜਾਬ ਦੇ ਰੋਕੇ ਹੋਏ ਪੇਂਡੂ ਵਿਕਾਸ ਫੰਡ ਦੇ 8 ਹਜਾਰ ਕਰੋੜ ਅਤੇ ਹੋਰ ਫੰਡ ਤੁਰੰਤ ਜਾਰੀ ਕਰਨ ਲਈ ਨਿੱਝੀ ਦਖਲ ਦੇਣ ਲਈ ਵੀ ਆਖਿਆ। 

ਕੇਂਦਰੀ ਖੇਤਬਾੜ੍ਹੀ ਮੰਤਰੀ ਸ੍ਰੀ ਚੌਹਾਨ ਨੇ ਸ. ਖੁੱਡੀਆਂ ਨੂੰ ਭਰੋਸਾ ਦਿਵਾਇਆ ਕਿ ਹੜ੍ਹਾਂ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਦੀ ਸਹਾਇਤਾ ਲਈ ਸਭ ਲੋੜੀਂਦੇ ਕਦਮ ਉਠਾਏ ਜਾਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.