ਤਾਜਾ ਖਬਰਾਂ
‘ਖਾਸ ਆਦਮੀਆਂ’ ਦੀਆਂ ਪਾਰਟੀਆਂ ਨੀਵੇਂ ਦਰਜੇ ਦੀ ਰਾਜਨੀਤੀ ਅਤੇ ਫੋਟੋਆਂ ਖਿਚਵਾਉਣ ‘ਚ ਵਿਅਸਤ: ਅਮਨ ਅਰੋੜਾ ਨੇ ਵਿਰੋਧੀ ਪਾਰਟੀਆਂ 'ਤੇ ਸਾਧਿਆ ਨਿਸ਼ਾਨਾ
ਚੰਡੀਗੜ੍ਹ, 16 ਸਤੰਬਰ–
ਸ੍ਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੇ ਪੱਧਰ 'ਤੇ ਰਾਹਤ ਕਾਰਜ ਚਲਾ ਰਹੀ ਹੈ, ਜਦੋਂ ਕਿ ਹੋਰ ਰਾਜਨੀਤਿਕ ਪਾਰਟੀਆਂ ਨੀਵੇਂ ਦਰਜੇ ਦੀ ਰਾਜਨੀਤੀ ਅਤੇ ਆਪਣੀ ਮਸ਼ਹੂਰੀ ਲਈ ਫੋਟੋਆਂ ਖਿਚਵਾਉਣ ਵਿੱਚ ਰੁੱਝੀਆਂ ਹੋਈਆਂ ਹਨ।
ਇਹ ਕਹਿੰਦਿਆਂ ਕਿ "ਪੰਜਾਬ ਦੇ ਲੋਕਾਂ ਨੂੰ ਡਰਾਮੇਬਾਜ਼ੀ ਦੀ ਨਹੀਂ ਸਗੋਂ ਠੋਸ ਕਾਰਵਾਈ ਦੀ ਲੋੜ ਹੈ," ਸ੍ਰੀ ਅਮਨ ਅਰੋੜਾ ਨੇ ਸਵਾਲ ਕੀਤਾ ਕਿ ਹੁਣ ਜਦੋਂ ਪੰਜਾਬ ਦੇ ਲੋਕਾਂ ਨੂੰ ਜ਼ਮੀਨੀ ਪੱਧਰ ‘ਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਅਤੇ ਕਾਰਕੁਨਾਂ ਦੀ ਲੋੜ ਹੈ ਤਾਂ ਇਹ ਲੋਕ ਕਿਹੜੀ ਖੱਡ ਵਿੱਚ ਜਾ ਲੁਕੇ ਹਨ? ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਆਗੂ ਇਸ ਮੌਕੇ ਆਪਣੀ ਮਸ਼ਹੂਰੀ ਲਈ ਫੋਟੋਆਂ ਖਿਚਵਾਉਣ ਅਤੇ ਆਪਣੀਆਂ ਲਗਜ਼ਰੀ ਗੱਡੀਆਂ ‘ਚ ਬੈਠੇ ਹੀ ਸਰਵੇਖਣ ਦਾ ਦਿਖਾਵਾ ਕਰਨ ਵਿੱਚ ਵਿਅਸਤ ਹਨ। ਉਨ੍ਹਾਂ ਕਿਹਾ ਕਿ ਇਸਦੇ ਉਲਟ 'ਆਪ' ਦੇ 29,560 ਵਲੰਟੀਅਰ ਹੜ੍ਹਾਂ ਦੇ ਪਾਣੀ ਵਿੱਚ ਜਾ ਕੇ ਸਰਕਾਰੀ ਮਸ਼ੀਨਰੀ ਅਤੇ ਸਮਾਜਿਕ-ਧਾਰਮਿਕ ਸੰਗਠਨਾਂ ਦੇ ਸਹਿਯੋਗ ਨਾਲ ਅਣਥੱਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, 'ਆਮ ਆਦਮੀ' ਦੀ ਪਾਰਟੀ ਅਤੇ 'ਖਾਸ ਆਦਮੀਆਂ' ਦੀਆਂ ਪਾਰਟੀਆਂ ਵਿੱਚ ਇਹੀ ਅੰਤਰ ਹੈ।"
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ‘ਆਪ’ ਦੇ ਵਲੰਟੀਅਰ ਪਾਰਟੀ ਦੀ ਅਟੁੱਟ ਵਚਨਬੱਧਤਾ ਅਤੇ ਵਿਆਪਕ ਪਹੁੰਚ ਦਾ ਪ੍ਰਮਾਣ ਹਨ। ‘ਆਪ’ ਵਲੰਟੀਅਰਾਂ ਦੀ ਆਰਮੀ ਵਿੱਚ ਪਾਰਟੀ ਦੇ ਮੁੱਖ ਵਿੰਗ ਦੇ 24,000 ਵਲੰਟੀਅਰ, ਮਹਿਲਾ ਵਿੰਗ ਦੇ 2,000 ਵਲੰਟੀਅਰ, ਕਿਸਾਨ ਵਿੰਗ ਦੇ 1,200 ਸਮਰਪਿਤ ਕਿਸਾਨ, ਯੂਥ ਵਿੰਗ ਦੇ 1,560 ਨੌਜਵਾਨ ਆਗੂ ਅਤੇ ਕਾਰੋਬਾਰੀ ਵਿੰਗ ਦੇ 800 ਵਲੰਟੀਅਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗਰਾਊਂਡ ਜ਼ੀਰੋ ‘ਤੇ ਕੰਮ ਕਰ ਰਿਹਾ ‘ਆਪ’ ਦਾ ਸਮੁੱਚਾ ਨੈੱਟਵਰਕ ਵੱਡੇ ਪੱਧਰ ‘ਤੇ ਰਾਹਤ ਕਾਰਜਾਂ ਨੂੰ ਯਕੀਨੀ ਬਣਾ ਰਿਹਾ ਹੈ।
ਸ੍ਰੀ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਇੱਕ ਗਿਣਤੀ ਨਹੀਂ ਹੈ ਸਗੋਂ ਇਸ ਭਿਆਨਕ ਸੰਕਟ ਦਾ ਸਾਹਮਣਾ ਕਰਨ ਲਈ ਪੰਜਾਬ ਦੀ ਚੜ੍ਹਦੀ ਕਲਾ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਸੇਵਾ ਵਿੱਚ ਲੱਗੇ ਆਪ’ ਵਲੰਟੀਅਰ ਮੋਹਰੀ ਕਤਾਰ ਦੇ ਯੋਧੇ ਹਨ ਹਨ, ਜੋ ਜ਼ਮੀਨੀ ਪੱਧਰ 'ਤੇ ਜ਼ਰੂਰੀ ਵਸਤਾਂ ਦੀ ਵੰਡ, ਬਚਾਅ ਅਤੇ ਰਾਹਤ ਕਾਰਜ ਯਕੀਨੀ ਬਣਾਉਂਦਿਆਂ ਸਰਕਾਰੀ ਅਮਲੇ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ‘ਤੇ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਲਈ ਸਿਰਤੋੜ ਯਤਨ ਕਰ ਕਰ ਰਹੇ 'ਆਪ' ਦੇ ਵਲੰਟੀਅਰਾਂ ਸਾਹਮਣੇ ਵਿਰੋਧੀ ਧਿਰ ਦੀ ਨਾਕਾਮੀ ਅਤੇ ਮੌਕਾਪ੍ਰਸਤੀ ਸਾਫ਼ ਝਲਕ ਰਹੀ ਹੈ। ਉਨ੍ਹਾਂ ਕਿਹਾ ਕਿ ਆਫ਼ਤ ਦੇ ਸਮੇਂ ਲੋਕਾਂ ਨੂੰ ਦੂਰ ਖੜ੍ਹ ਕੇ ਖੋਖਲੇ ਭਾਸ਼ਣ ਦੇਣ ਵਾਲੇ ਆਗੂਆਂ ਦੀ ਨਹੀਂ ਸਗੋਂ ਅਜਿਹੇ ਵਲੰਟੀਅਰਾਂ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਅਤੇ ਆਪ ਦੀ ਆਰਮੀ ਇਸੇ ਸੋਚ ਨਾਲ ਚਲਦੀ ਹੈ।
Get all latest content delivered to your email a few times a month.