ਤਾਜਾ ਖਬਰਾਂ
ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ (ਬਲਾਕ ਨਕੋਦਰ -2) ਵਿਖੇ ਪੰਜਾਬੀ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੈਂਟਰ ਗਾਂਧਰਾਂ ਦਾ ਕਲੱਸਟਰ ਪੱਧਰੀ ਕਵਿਤਾ ਉਚਾਰਣ ਮੁਕਾਬਲਾ ਕਰਵਾਇਆ ਗਿਆ। ਜਿਸ ਦਾ ਵਿਸ਼ਾ 'ਵਾਤਾਵਰਨ ਦੀ ਸੁੰਦਰਤਾ ਅਤੇ ਸੁਹੱਪਣ' ਰਿਹਾ। ਉਕਤ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਬਾੜਾ ਸਿੱਧਪੁਰ, ਭੋਡੀਪੁਰ, ਲੱਧੜਾਂ, ਨੂਰਪੁਰ, ਬਿੱਲਾ ਨਵਾਬ ਅਤੇ ਦਰਗਾਵਾਲ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਕਵਿਤਾ ਉਚਾਰਣ ਮੁਕਾਬਲੇ ਵਿੱਚ ਸ਼ਿਰਕਤ ਕੀਤੀ। ਇਸ ਮੁਕਾਬਲੇ ਦੀ ਜੱਜਮੈਂਟ ਬਲਾਕ ਰੀਸੋਰਸ ਕੁਆਰਡੀਨੇਟਰ ਸ ਗੁਰਦੀਪ ਸਿੰਘ ਹੁਰਾਂ ਵੱਲੋਂ ਕੀਤੀ ਗਈ।
ਇਸ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਸਕੂਲ ਮੁਖੀ ਜਸਵੀਰ ਸਿੰਘ ਸ਼ਾਇਰ ਹੁਰਾਂ ਜਾਣਕਾਰੀ ਦਿੰਦਿਆਂ ਦੱਸਿਆ ਸੈਂਟਰ ਗਾਂਧਰਾਂ ਦਾ ਕਲੱਸਟਰ ਪੱਧਰੀ ਕਵਿਤਾ ਉਚਾਰਣ ਮੁਕਾਬਲਾ ਪੂਰੀ ਪਾਰਦਰਸ਼ਤਾ ਅਤੇ ਵਚਨਬੱਧਤਾ ਨਾਲ ਕਰਵਾਇਆ ਗਿਆ। ਉਨ੍ਹਾਂ ਨੇ ਪੰਜਾਬੀ ਸਾਹਿਤ ਅਤੇ ਵਾਤਾਵਰਨ ਦੀ ਅਹਿਮੀਅਤ ਬਾਰੇ ਵੀ ਚਰਚਾ ਕੀਤੀ। ਇਸੇ ਤਰ੍ਹਾਂ ਜੱਜਮੈਂਟ ਦੌਰਾਨ ਗੁਰਦੀਪ ਸਿੰਘ ਹੁਰਾਂ ਸ਼ਿਵ ਕੁਮਾਰ ਬਟਾਲਵੀ ਦੀ ਦੇਣ 'ਤੇ ਚਾਨਣਾ ਪਾਇਆ। ਇਸ ਉਪਰੰਤ ਸਕੂਲ ਮੈਨੇਜਮੈਂਟ ਕਮੇਟੀ ਦੇ ਸਿੱਖਿਆ ਸੇਵੀ ਦੀਪਕ ਸਿੰਘ ਹੁਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਨੂੰ ਅਜਿਹੇ ਮਾਣਮੱਤੇ ਸਮਾਗਮ ਰਚਾਉਣ ਦੀ ਵਧਾਈ ਦਿੱਤੀ ਗਈ।
ਸੈਂਟਰ ਪੱਧਰੀ ਕਵਿਤਾ ਉਚਾਰਣ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਬਾੜਾ ਸਿੱਧਪੁਰ ਦੀ ਵਿਦਿਆਰਥਣ ਜਸਮੀਨ ਕੌਰ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ,ਦਰਗਾਵਾਲ ਦੀ ਵਿਦਿਆਰਥਣ ਸੁਖਜੀਤ ਕੌਰ ਨੇ ਦੂਜਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰ ਦੀ ਵਿਦਿਆਰਥਣ ਏਕਮਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪਿੰਡ ਭੋਡੀਪੁਰ ਤੋਂ ਸਰਪੰਚ ਜਸਵਿੰਦਰ ਕੌਰ, ਸ੍ਰੀ ਜਸਵੀਰ, ਦੀਪਕ ਸਿੰਘ, ਅਧਿਆਪਕ ਮਿਨਾਕਸ਼ੀ ਜੈਨ, ਕਮਲੇਸ਼ ਰਾਣੀ, ਅਮਨਦੀਪ ਕੌਰ, ਸੁਨੀਲ ਕੁਮਾਰ, ਅਲੀਸ਼ਾ, ਦਰਸ਼ਨਾਂ , ਮਹਿੰਦਰ ਕੌਰ, ਬਲਵਿੰਦਰ ਕੌਰ, ਸਰਬਜੀਤ ਕੌਰ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ, ਐੱਸ.ਐੱਮ.ਸੀ. ਮੈਂਬਰ ਅਤੇ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ।
Get all latest content delivered to your email a few times a month.