ਤਾਜਾ ਖਬਰਾਂ
ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿਚ ਸਥਿਤ ਬਠਿੰਡਾ ਸਿਵਲ ਏਅਰਪੋਰਟ ‘ਤੇ ਅੱਜ ਯਾਤਰੀ ਸੇਵਾ ਦਿਵਸ ਮਨਾਇਆ ਗਿਆ। ਇਸ ਮੌਕੇ ਸਰਕਾਰੀ ਸਕੂਲ ਵਿਰਕ ਕਲਾਂ ਦੇ ਵਿਦਿਆਰਥੀਆਂ ਨੂੰ ਏਅਰਪੋਰਟ ਦਾ ਦੌਰਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਹਵਾਈ ਯਾਤਰਾ, ਏਅਰਪੋਰਟ ਦੀ ਕਾਰਜ ਪ੍ਰਕਿਰਿਆ ਅਤੇ ਇਥੇ ਮਿਲਣ ਵਾਲੀਆਂ ਨੌਕਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਬੱਚਿਆਂ ਲਈ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿੱਥੇ ਉਹਨਾਂ ਨੇ ਆਪਣੀ ਰਚਨਾਤਮਕਤਾ ਦਿਖਾਈ। ਇਸਦੇ ਨਾਲ ਹੀ ਇੱਕ ਮੈਡੀਕਲ ਕੈਂਪ ਦਾ ਪ੍ਰਬੰਧ ਕੀਤਾ ਗਿਆ ਅਤੇ "ਇੱਕ ਮਾਂ – ਇੱਕ ਪੇੜ" ਮੁਹਿੰਮ ਦੇ ਤਹਿਤ ਵਿਦਿਆਰਥੀਆਂ ਨੇ ਪੌਦੇ ਲਗਾਏ, ਜਿਸ ਨਾਲ ਵਾਤਾਵਰਣ ਸੰਰੱਖਣ ਵਿੱਚ ਯੋਗਦਾਨ ਦਿੱਤਾ ਗਿਆ।
ਬਠਿੰਡਾ ਸਿਵਲ ਏਅਰਪੋਰਟ ਦੇ ਡਾਇਰੈਕਟਰ ਸਾਵਰ ਮਲ ਸਿੰਗਾਰੀਆ ਨੇ ਦੱਸਿਆ ਕਿ ਇਹ ਏਅਰਪੋਰਟ 2012 ਵਿੱਚ ਬਣਾਇਆ ਗਿਆ ਸੀ ਅਤੇ ਕੋਵਿਡ-19 ਦੌਰਾਨ ਕੁਝ ਸਮੇਂ ਲਈ ਬੰਦ ਹੋਣ ਤੋਂ ਬਾਅਦ ਹੁਣ ਦੁਬਾਰਾ ਚਲਾਇਆ ਜਾ ਰਿਹਾ ਹੈ। ਇਸ ਵੇਲੇ ਇਥੋਂ ਦਿੱਲੀ ਲਈ ਦੋ ਪ੍ਰਾਈਵੇਟ ਫਲਾਈਟਾਂ ਚੱਲ ਰਹੀਆਂ ਹਨ, ਜਿਨ੍ਹਾਂ ਨਾਲ ਨਾ ਸਿਰਫ ਬਠਿੰਡਾ, ਸਗੋਂ ਹਰਿਆਣਾ, ਰਾਜਸਥਾਨ ਅਤੇ ਗੰਗਾਨਗਰ ਤੋਂ ਵੀ ਯਾਤਰੀ ਸਫਰ ਕਰ ਰਹੇ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਠਿੰਡਾ ਤੋਂ ਜੰਮੂ ਅਤੇ ਨਾਂਦੇੜ ਸਾਹਿਬ ਲਈ ਵੀ ਉਡਾਨਾਂ ਸ਼ੁਰੂ ਕਰਨ ਦੇ ਪ੍ਰੋਪੋਜ਼ਲ ਤਿਆਰ ਕੀਤੇ ਜਾ ਰਹੇ ਹਨ, ਜਿਸ ਨਾਲ ਪੰਜਾਬ ਅਤੇ ਪਾਸਲੇ ਰਾਜਾਂ ਦੇ ਯਾਤਰੀਆਂ ਲਈ ਵੱਡੀਆਂ ਸੁਵਿਧਾਵਾਂ ਮਿਲਣਗੀਆਂ।
ਬਠਿੰਡਾ ਸਿਵਲ ਏਅਰਪੋਰਟ ਅਥਾਰਟੀ ਦੇ ਮੈਂਬਰ ਡਾ. ਗੁਰਚਰਨ ਸਿੰਘ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਆਉਣ ਵਾਲੀਆਂ ਨਵੀਆਂ ਏਅਰਲਾਈਨ ਸੇਵਾਵਾਂ ਅਤੇ ਯਾਤਰੀਆਂ ਲਈ ਹੋਣ ਵਾਲੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥੀਆਂ ਨੇ ਇਸ ਦੌਰਾਨ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਅਤੇ ਖੁਸ਼ੀ ਜ਼ਾਹਰ ਕੀਤੀ।
Get all latest content delivered to your email a few times a month.