ਤਾਜਾ ਖਬਰਾਂ
ਮਾਲ ਮੰਤਰੀ ਮੁੰਡੀਆਂ ਨੇ ਆਪਣੀ ਤਨਖਾਹ ਵਿੱਚੋਂ ਪਿੰਡ ਸਾਹਿਬਾਨਾ ਵਿੱਚ ਨੁਕਸਾਨੇ ਘਰ ਦੀ ਮੁਰੰਮਤ ਲਈ 50,000 ਰੁਪਏ ਦੀ ਸਹਾਇਤਾ ਦਿੱਤੀ
ਚੰਡੀਗੜ੍ਹ/ਲੁਧਿਆਣਾ/ਜਲੰਧਰ, 18 ਸਤੰਬਰ: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਜ਼ਿਲ੍ਹਾ ਲੁਧਿਆਣਾ ਦੇ ਸਤਲੁਜ ਦਰਿਆ (ਸਸਰਾਲੀ ਕਲੋਨੀ) ਵਿੱਚ ਗਾਰ-ਸਫਾਈ ਕਾਰਜਾਂ ਦਾ ਨਿਰੀਖਣ ਕੀਤਾ।
ਮੰਤਰੀਆਂ ਨੇ ਗਾਰ ਹਟਾਉਣ ਦੇ ਕੰਮ ਨੂੰ ਤੇਜ਼ ਕਰਨ ਅਤੇ ਦਰਿਆ ਦੇ ਅਸਲ ਵਹਾਅ ਦੇ ਰਸਤੇ ਨੂੰ ਬਹਾਲ ਕਰਨ ਲਈ ਵਾਧੂ ਸਰੋਤਾਂ, ਜਿਨ੍ਹਾਂ ਵਿੱਚ ਹੋਰ ਵਿਸ਼ੇਸ਼ ਫਲੋਟਿੰਗ ਐਕਸੈਵੇਟਰ, ਪੋਕਲੇਨ ਅਤੇ ਜੇ.ਸੀ.ਬੀ. ਸ਼ਾਮਲ ਹਨ, ਦੀ ਤੁਰੰਤ ਤਾਇਨਾਤੀ ਦੇ ਨਿਰਦੇਸ਼ ਦਿੱਤੇ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਵਿਸ਼ੇਸ਼ ਫਲੋਟਿੰਗ ਐਕਸਕਾਵੇਟਰ ਦਰਿਆ ਦੇ ਵਹਾਅ ਨੂੰ ਉਸ ਦੇ ਅਸਲ ਰਸਤੇ ਵੱਲ ਮੋੜਨ ਲਈ ਤੈਨਾਤ ਕੀਤਾ ਹੋਇਆ ਹੈ।
ਮੰਤਰੀਆਂ ਨੇ ਗਾਰ ਜਮ੍ਹਾ ਹੋਣ ਤੋਂ ਰੋਕਣ ਲਈ ਹੋਰ ਮਸ਼ੀਨਰੀ ਲਾਉਣ ਅਤੇ ਦਰਿਆ ਦੇ ਅਸਲ ਵਹਾਅ ਨੂੰ ਤੇਜ਼ੀ ਨਾਲ ਬਹਾਲ ਕਰਨ ਲਈ ਸਾਰੇ ਉਪਲਬਧ ਸਰੋਤਾਂ ਨੂੰ ਜੁਟਾਉਣ ਦੇ ਹੁਕਮ ਜਾਰੀ ਦਿੱਤੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਰੇ ਕੈਬਨਿਟ ਮੰਤਰੀ, ਵਿਧਾਇਕ ਅਤੇ ਅਧਿਕਾਰੀ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਅਣਥੱਕ ਮਿਹਨਤ ਕਰ ਰਹੇ ਹਨ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਦੇਣ ਸਣੇ ਉਨ੍ਹਾਂ ਦੇ ਮੁੜ-ਵਸੇਬੇ ਲਈ ਵਚਨਬੱਧ ਹਨ।
ਮੰਤਰੀਆਂ ਨੇ ਭਰੋਸਾ ਦਿੱਤਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਸਭਨਾਂ ਲੋਕਾਂ ਨੂੰ 45 ਦਿਨਾਂ ਦੇ ਅੰਦਰ ਮੁਆਵਜ਼ਾ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਨੁਕਸਾਨ ਦਾ ਮੁਲਾਂਕਣ ਕਰਨ ਲਈ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਜੰਗੀ ਪੱਧਰ 'ਤੇ ਚਲ ਰਹੀ ਹੈ।
ਇਸ ਪਿੱਛੋਂ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪਿੰਡ ਸਾਹਿਬਾਨਾ ਦਾ ਦੌਰਾ ਕੀਤਾ ਅਤੇ ਆਪਣੀ ਤਨਖਾਹ ਵਿੱਚੋਂ ਉਥੋਂ ਦੇ ਵਸਨੀਕ ਬਲਵੀਰ ਸਿੰਘ ਨੂੰ ਹੜ੍ਹਾਂ ਕਾਰਨ ਉਸ ਦੇ ਘਰ ਦੀ ਨੁਕਸਾਨੀ ਛੱਤ ਦੀ ਤੁਰੰਤ ਮੁਰੰਮਤ ਲਈ 50,000 ਰੁਪਏ ਦੀ ਨਕਦੀ ਸੌਂਪੀ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਬਲਵੀਰ ਸਿੰਘ ਨੂੰ ਹੋਰ ਸਹਾਇਤਾ ਕਰਨ ਲਈ ਵਾਧੂ ਫੰਡ ਜਾਰੀ ਕੀਤੇ ਜਾਣਗੇ।
*ਜਲੰਧਰ:* ਇਸ ਪਿੱਛੋਂ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਕੰਮ ਦਾ ਜਾਇਜ਼ਾ ਲੈਣ ਲਈ ਪਿੰਡ ਮੰਡਾਲਾ ਛੰਨਾ ਦਾ ਦੌਰਾ ਕੀਤਾ, ਜਿੱਥੇ ਡਰੇਨੇਜ ਵਿਭਾਗ ਵੱਲੋਂ ਸੈਂਕੜੇ ਵਲੰਟੀਅਰਾਂ, ਸੰਗਤ ਅਤੇ ਫੌਜ ਦੇ ਅਧਿਕਾਰੀਆਂ ਦੇ ਸਹਿਯੋਗ ਰਾਹਤ ਕਾਰਜ ਚਲ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਦੇ ਨਾਲ-ਨਾਲ ਇਸ ਅਹਿਮ ਬੰਨ੍ਹ ਨੂੰ ਸੁਰੱਖਿਅਤ ਕਰਨ ਲਈ ਜਲੰਧਰ ਪ੍ਰਸ਼ਾਸਨ, ਡਰੇਨੇਜ ਵਿਭਾਗ ਅਤੇ ਫੌਜ ਦੀਆਂ ਇਕਾਈਆਂ ਦੀਆਂ ਸਮਰਪਿਤ ਟੀਮਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਨਿਗਰਾਨੀ ਹੇਠ 24 ਘੰਟੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਸਰੋਤਾਂ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਸਰਕਾਰ ਨੇ ਸਮੱਗਰੀ ਅਤੇ ਮਨੁੱਖੀ ਸ਼ਕਤੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਪਹਿਲਾਂ ਹੀ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਪ੍ਰਸ਼ਾਸਨ ਅਤੇ ਫੌਜ, ਐਸਡੀਆਰਐਫ ਅਤੇ ਸੰਗਤ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਹੋਰ ਮਜ਼ਬੂਤੀਕਰਨ ਦਾ ਕੰਮ ਕੀਤਾ ਜਾਵੇਗਾ।
Get all latest content delivered to your email a few times a month.