ਤਾਜਾ ਖਬਰਾਂ
ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਸੈਨਿਕਾਂ ਵਿਚਕਾਰ ਮੰਗਲਵਾਰ ਨੂੰ ਦੂਰ-ਦੁਰਾਡੇ ਉੱਤਰ-ਪੱਛਮੀ ਸਰਹੱਦੀ ਖੇਤਰ ਵਿੱਚ ਮੁੜ ਝੜਪਾਂ ਹੋਈਆਂ। ਪਾਕਿਸਤਾਨ ਦੀ ਸਰਕਾਰੀ ਮੀਡੀਆ ਨੇ ਖ਼ਬਰ ਵਿੱਚ ਅਫ਼ਗਾਨਿਸਤਾਨੀ ਸੈਨਿਕਾਂ ਉੱਤੇ "ਬਿਨਾਂ ਕਿਸੇ ਉਕਸਾਹਟ ਦੇ ਗੋਲੀਬਾਰੀ" ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਗੋਲੀਬਾਰੀ ਮਗਰੋਂ ਜਵਾਬੀ ਕਾਰਵਾਈ ਕੀਤੀ ਗਈ।
'ਪਾਕਿਸਤਾਨ ਟੀਵੀ' 'ਤੇ ਪ੍ਰਸਾਰਿਤ ਖ਼ਬਰ ਅਤੇ ਦੋ ਸੁਰੱਖਿਆ ਅਧਿਕਾਰੀਆਂ ਅਨੁਸਾਰ, ਪਾਕਿਸਤਾਨੀ ਫੌਜ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਅਫ਼ਗਾਨ ਟੈਂਕਾਂ ਅਤੇ ਫੌਜੀ ਚੌਕੀਆਂ ਨੂੰ ਨੁਕਸਾਨ ਪਹੁੰਚਿਆ।
ਅਫ਼ਗਾਨਿਸਤਾਨ ਦੇ ਖੋਸਤ ਸੂਬੇ ਦੇ ਪੁਲਿਸ ਉਪ ਬੁਲਾਰੇ ਤਾਹਿਰ ਅਹਰਾਰ ਨੇ ਝੜਪਾਂ ਦੀ ਪੁਸ਼ਟੀ ਜ਼ਰੂਰ ਕੀਤੀ ਪਰ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।
ਇਸ ਹਫ਼ਤੇ ਗੋਲੀਬਾਰੀ ਦੀ ਦੂਜੀ ਘਟਨਾ
ਇਸ ਹਫ਼ਤੇ ਦੋਹਾਂ ਪਾਸਿਆਂ ਤੋਂ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ। ਪਾਕਿਸਤਾਨੀ ਸਰਕਾਰੀ ਮੀਡੀਆ ਮੁਤਾਬਕ, ਅਫ਼ਗਾਨਿਸਤਾਨੀ ਫੌਜ ਅਤੇ ਪਾਕਿਸਤਾਨੀ ਤਾਲਿਬਾਨ ਨੇ ਸਾਂਝੇ ਤੌਰ 'ਤੇ "ਬਿਨਾਂ ਉਕਸਾਹਟ ਦੇ" ਇੱਕ ਪਾਕਿਸਤਾਨੀ ਚੌਕੀ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਕੁਰੱਮ ਜ਼ਿਲ੍ਹੇ ਵਿੱਚ ਪਾਕਿਸਤਾਨੀ ਸੈਨਿਕਾਂ ਨੇ ਕਰਾਰਾ ਜਵਾਬ ਦਿੱਤਾ। ਸੁਰੱਖਿਆ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਪਾਕਿਸਤਾਨੀ ਫੌਜ ਨੇ ਪਾਕਿਸਤਾਨੀ ਤਾਲਿਬਾਨ ਦੇ ਇੱਕ ਵਿਸ਼ਾਲ ਸਿਖਲਾਈ ਕੇਂਦਰ ਨੂੰ ਵੀ ਤਬਾਹ ਕਰ ਦਿੱਤਾ ਹੈ।
ਪਿਛਲੇ ਹਫ਼ਤੇ ਦੀ ਝੜਪ ਮਗਰੋਂ ਸਰਹੱਦਾਂ ਬੰਦ
ਪਾਕਿਸਤਾਨੀ ਫੌਜ ਨੇ ਫਿਲਹਾਲ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਸ਼ਨੀਵਾਰ ਨੂੰ ਦੋਵਾਂ ਧਿਰਾਂ ਵਿਚਕਾਰ ਕਈ ਸਰਹੱਦੀ ਖੇਤਰਾਂ ਵਿੱਚ ਗੋਲੀਬਾਰੀ ਹੋਈ ਸੀ, ਜਿਸ ਨਾਲ ਦੋਵਾਂ ਪਾਸਿਆਂ ਦੇ ਦਰਜਨਾਂ ਲੋਕ ਹਤਾਹਤ ਹੋਏ ਸਨ। ਇਸ ਤੋਂ ਬਾਅਦ ਤੋਂ ਹੀ ਫੌਜ ਅਲਰਟ 'ਤੇ ਹੈ। ਭਾਵੇਂ ਸਾਊਦੀ ਅਰਬ ਅਤੇ ਕਤਰ ਦੀ ਅਪੀਲ ਤੋਂ ਬਾਅਦ ਐਤਵਾਰ ਨੂੰ ਝੜਪਾਂ ਰੁਕ ਗਈਆਂ ਸਨ, ਪਰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਸਾਰੀਆਂ ਸਰਹੱਦਾਂ ਅਜੇ ਵੀ ਬੰਦ ਹਨ।
Get all latest content delivered to your email a few times a month.