IMG-LOGO
ਹੋਮ ਚੰਡੀਗੜ੍ਹ: ਰਾਜ ਸਭਾ ਉਪ-ਚੋਣ ਵਿਵਾਦ: ਨਵਨੀਤ ਚਤੁਰਵੇਦੀ ਦੀ ਹਿਰਾਸਤ 'ਤੇ ਪੰਜਾਬ...

ਰਾਜ ਸਭਾ ਉਪ-ਚੋਣ ਵਿਵਾਦ: ਨਵਨੀਤ ਚਤੁਰਵੇਦੀ ਦੀ ਹਿਰਾਸਤ 'ਤੇ ਪੰਜਾਬ ਤੇ ਚੰਡੀਗੜ੍ਹ ਪੁਲਿਸ ਆਹਮੋ-ਸਾਹਮਣੇ, ਮਾਮਲਾ ਹਾਈਕੋਰਟ ਪਹੁੰਚਿਆ

Admin User - Oct 15, 2025 12:58 PM
IMG

ਪੰਜਾਬ ਵਿੱਚ ਰਾਜ ਸਭਾ ਜ਼ਿਮਨੀ ਚੋਣ ਦੇ ਨਾਮਜ਼ਦਗੀ ਪੱਤਰਾਂ ਵਿੱਚ ਕਥਿਤ ਜਾਅਲੀ ਦਸਤਖ਼ਤਾਂ ਦੇ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਵਿਚਕਾਰ ਵੱਡਾ ਟਕਰਾਅ ਖੜ੍ਹਾ ਹੋ ਗਿਆ ਹੈ। ਇਸ ਵਿਵਾਦ ਦਾ ਮੁਲਜ਼ਮ, ਨਵਨੀਤ ਚਤੁਰਵੇਦੀ, ਇਸ ਸਮੇਂ ਚੰਡੀਗੜ੍ਹ ਪੁਲਿਸ ਦੀ ਹਿਰਾਸਤ ਵਿੱਚ ਹੈ, ਜਦੋਂ ਕਿ ਪੰਜਾਬ ਪੁਲਿਸ ਉਸਦੀ ਹਿਰਾਸਤ ਲੈਣ ਲਈ ਚੰਡੀਗੜ੍ਹ ਦੇ ਸੈਕਟਰ-3 ਦੇ ਬਾਹਰ ਡੇਰਾ ਲਾਈ ਬੈਠੀ ਹੈ।


ਪੰਜਾਬ ਪੁਲਿਸ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ


ਹਿਰਾਸਤ ਨੂੰ ਲੈ ਕੇ ਬਣੀ ਇਸ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ, ਹੁਣ ਪੰਜਾਬ ਪੁਲਿਸ ਨਵਨੀਤ ਦੀ ਕਸਟਡੀ ਹਾਸਲ ਕਰਨ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ। ਪੰਜਾਬ ਪੁਲਿਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਨਵਨੀਤ ਚਤੁਰਵੇਦੀ ਖ਼ਿਲਾਫ਼ ਪੰਜਾਬ ਦੇ ਵਿਧਾਇਕਾਂ ਦੇ ਫਰਜ਼ੀ ਦਸਤਖ਼ਤ ਵਰਤਣ ਦਾ ਗੰਭੀਰ ਮਾਮਲਾ ਦਰਜ ਹੈ।


ਇਸ ਦੌਰਾਨ, ਮੁਲਜ਼ਮ ਨਵਨੀਤ ਚਤੁਰਵੇਦੀ ਨੇ ਵੀ ਆਪਣਾ ਬਚਾਅ ਕਰਦਿਆਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਸਨੇ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ, ਤਾਂ ਉਸਨੂੰ ਘੱਟੋ-ਘੱਟ 10 ਦਿਨਾਂ ਦਾ ਨੋਟਿਸ ਦਿੱਤਾ ਜਾਵੇ। ਨਵਨੀਤ ਨੇ ਆਪਣੀ ਪਟੀਸ਼ਨ ਵਿੱਚ ਦਰਜ ਐਫ.ਆਈ.ਆਰਜ਼ ਦੀ ਗਿਣਤੀ ਅਤੇ ਪੰਜਾਬ ਪੁਲਿਸ ਤੋਂ ਜਾਨ-ਮਾਲ ਦੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ।


ਚੰਡੀਗੜ੍ਹ ਵਿੱਚ ਟਕਰਾਅ ਦੀ ਸਥਿਤੀ


ਮੰਗਲਵਾਰ ਨੂੰ ਰੂਪਨਗਰ ਪੁਲਿਸ (ਪੰਜਾਬ) ਨਾਮਜ਼ਦਗੀ ਦਾਖ਼ਲ ਕਰਨ ਵਾਲੇ ਜੈਪੁਰ ਦੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਲਈ ਚੰਡੀਗੜ੍ਹ ਪਹੁੰਚੀ ਸੀ। ਹਾਲਾਂਕਿ, ਜਦੋਂ ਚੰਡੀਗੜ੍ਹ ਪੁਲਿਸ ਨੇ ਚਤੁਰਵੇਦੀ ਨੂੰ ਆਪਣੀ ਹਿਰਾਸਤ ਵਿੱਚ ਲਿਆ ਤਾਂ ਦੋਵਾਂ ਰਾਜਾਂ ਦੀਆਂ ਪੁਲਿਸ ਟੀਮਾਂ ਵਿਚਕਾਰ ਤਿੱਖੀ ਬਹਿਸ ਹੋ ਗਈ ਅਤੇ ਸਥਿਤੀ ਟਕਰਾਅ ਵਾਲੀ ਬਣ ਗਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਉਸਨੂੰ ਆਪਣੇ ਹੈੱਡਕੁਆਰਟਰ ਲੈ ਗਈ।


ਨਾਮਜ਼ਦਗੀ ਪੱਤਰ 'ਚ 10 ਵਿਧਾਇਕਾਂ ਦੇ ਫਰਜ਼ੀ ਦਸਤਖ਼ਤ


ਇਹ ਮਾਮਲਾ ਪੰਜਾਬ ਰਾਜ ਸਭਾ ਜ਼ਿਮਨੀ-ਚੋਣ ਲਈ ਹੋਣ ਵਾਲੀ ਵੋਟਿੰਗ (24 ਅਕਤੂਬਰ) ਨਾਲ ਜੁੜਿਆ ਹੋਇਆ ਹੈ। ਨਵਨੀਤ ਚਤੁਰਵੇਦੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ, ਜਿਸ ਵਿੱਚ 10 ਵਿਧਾਇਕਾਂ ਨੂੰ ਪ੍ਰਸਤਾਵਕ ਵਜੋਂ ਦਰਸਾਇਆ ਗਿਆ ਸੀ। ਇਲਜ਼ਾਮ ਹੈ ਕਿ ਨਾਮਜ਼ਦਗੀ ਪੱਤਰ 'ਤੇ ਪੰਜਾਬ ਦੇ 10 ਵਿਧਾਇਕਾਂ ਦੇ ਦਸਤਖ਼ਤ ਜਾਅਲੀ ਸਨ। ਵਿਧਾਇਕਾਂ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਦੇਖਣ ਮਗਰੋਂ ਕਿਸੇ ਵੀ ਤਰ੍ਹਾਂ ਦੇ ਸਮਰਥਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।


ਇਸ ਧੋਖਾਧੜੀ ਦੀ ਸ਼ਿਕਾਇਤ ਦੇ ਆਧਾਰ 'ਤੇ ਨਵਨੀਤ ਚਤੁਰਵੇਦੀ ਖ਼ਿਲਾਫ਼ ਕਈ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ, ਹੋਰ ਸ਼ਾਮਲ ਵਿਅਕਤੀਆਂ ਦੀ ਸ਼ਨਾਖਤ ਅਤੇ ਫੋਰੈਂਸਿਕ ਤੇ ਡਿਜੀਟਲ ਸਬੂਤ ਇਕੱਠੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।


ਅਦਾਲਤ ਦੇ ਫੈਸਲੇ ਮਗਰੋਂ ਹੀ ਪੰਜਾਬ ਪੁਲਿਸ ਨੂੰ ਮਿਲੇਗੀ ਨਵਨੀਤ ਦੀ ਕਸਟਡੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.