ਤਾਜਾ ਖਬਰਾਂ
ਰਾਜ ਸਭਾ ਦੀ ਉਪ ਚੋਣ ਨਾਲ ਜੁੜੇ ਕਥਿਤ ਧੋਖਾਧੜੀ ਮਾਮਲੇ ਨੇ ਹੁਣ ਕਾਨੂੰਨੀ ਤੇ ਪ੍ਰਸ਼ਾਸਨਿਕ ਪੱਧਰ 'ਤੇ ਤਣਾਅ ਪੈਦਾ ਕਰ ਦਿੱਤਾ ਹੈ। ਮੁਲਜ਼ਮ ਨਵਨੀਤ ਚਤੁਰਵੇਦੀ ਇਸ ਵੇਲੇ ਚੰਡੀਗੜ੍ਹ ਪੁਲਿਸ ਦੀ ਹਿਰਾਸਤ ਵਿੱਚ ਹੈ, ਜਦਕਿ ਪੰਜਾਬ ਪੁਲਿਸ ਨੇ ਉਸਦੀ ਹਿਰਾਸਤ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਸਟੇਸ਼ਨ ਦੇ ਬਾਹਰ ਕੈਂਪ ਲਗਾਇਆ ਹੋਇਆ ਹੈ।
ਪੰਜਾਬ ਪੁਲਿਸ ਨੇ ਇਸ ਸਬੰਧੀ ਹਾਈ ਕੋਰਟ ਦਾ ਰੁਖ ਕਰਦਿਆਂ ਦਲੀਲ ਦਿੱਤੀ ਹੈ ਕਿ ਰੋਪੜ ਵਿੱਚ ਨਵਨੀਤ ਵਿਰੁੱਧ ਵਿਧਾਇਕਾਂ ਦੇ ਦਸਤਖਤ ਜਾਅਲੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਇਸ ਲਈ ਉਸਦੀ ਹਿਰਾਸਤ ਜ਼ਰੂਰੀ ਹੈ।
ਦੂਜੇ ਪਾਸੇ, ਨਵਨੀਤ ਚਤੁਰਵੇਦੀ ਨੇ ਵੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨਾ ਚਾਹੇ, ਤਾਂ ਪਹਿਲਾਂ ਉਸਨੂੰ ਘੱਟੋ-ਘੱਟ 10 ਦਿਨਾਂ ਦਾ ਨੋਟਿਸ ਦਿੱਤਾ ਜਾਵੇ। ਉਸਨੇ ਇਸ ਨਾਲ ਨਾਲ ਇਹ ਵੀ ਜਾਣਨਾ ਚਾਹਿਆ ਹੈ ਕਿ ਉਸਦੇ ਖਿਲਾਫ ਪੰਜਾਬ ਵਿੱਚ ਕੁੱਲ ਕਿੰਨੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਉਸਦੀ ਅਰਜ਼ੀ ਵਿੱਚ ਜਾਨ-ਮਾਲ ਦੀ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ। ਯਾਦ ਰਹੇ ਕਿ ਨਵਨੀਤ ਚਤੁਰਵੇਦੀ ਨੇ ਰਾਜ ਸਭਾ ਦੀ ਖਾਲੀ ਹੋਈ ਸੀਟ ਲਈ ਨਾਮਜ਼ਦਗੀ ਦਾਇਰ ਕੀਤੀ ਸੀ ਅਤੇ ਦੱਸਿਆ ਸੀ ਕਿ ਉਸਨੂੰ 10 ਆਮ ਆਦਮੀ ਪਾਰਟੀ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਹਾਲਾਂਕਿ, ਉਨ੍ਹਾਂ ਵਿਧਾਇਕਾਂ ਨੇ ਬਾਅਦ ਵਿੱਚ ਉਸਦੇ ਦਾਅਵਿਆਂ ਨੂੰ ਝੂਠਾ ਤੇ ਧੋਖਾਧੜੀ ਕਰਾਰ ਦਿੱਤਾ ਸੀ।
Get all latest content delivered to your email a few times a month.